ਦਰਸ਼ਨ ਸਿੰਘ ਸੋਢੀ
ਮੁਹਾਲੀ, 4 ਸਤੰਬਰ
ਮੁਹਾਲੀ ਨਗਰ ਨਿਗਮ ਵੱਲੋਂ ਪਿੰਡ ਕੁੰਭੜਾ (ਸੈਕਟਰ-68) ਦੇ ਵਸਨੀਕਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਸਬੰਧੀ ਭੇਜੇ ਨੋਟਿਸਾਂ ਕਾਰਨ ਰੋਹ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਮਾਜ ਸੇਵੀ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕਮਿਸ਼ਨਰ ਕਮਲ ਕੁਮਾਰ ਗਰਗ ਦਾ ਪੁਤਲਾ ਫੂਕਿਆ ਗਿਆ। ਸ੍ਰੀ ਕੁੰਭੜਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਕੁੰਭੜਾ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੇ ਨੋਟਿਸ ਤਾਂ ਭੇਜ ਦਿੱਤੇ ਗਏ ਹਨ ਪਰ ਪਿੰਡ ਵਾਸੀਆਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪਿੰਡ ਵਿਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਪਿਛਲੀ ਮੀਟਿੰਗ ਦੌਰਾਨ ਮੇਅਰ ਅਤੇ ਹੋਰਨਾਂ ਕੌਂਸਲਰਾਂ ਵੱਲੋਂ ਆਪਣੀਆਂ ਤਨਖ਼ਾਹਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਦਾ ਸਾਰਾ ਬੋਝ ਆਮ ਲੋਕਾਂ ਉੱਪਰ ਹੀ ਪੈਣਾ ਹੈ। ਕੁੰਭੜਾ ਪਿੰਡ ਦੇ ਲੋਕ ਉਦੋਂ ਤੱਕ ਪ੍ਰਾਪਰਟੀ ਟੈਕਸ ਨਹੀਂ ਭਰਨਗੇ, ਜਦੋਂ ਤਕ ਨਗਰ ਨਿਗਮ ਵਲੋੱ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਜਦੋਂ ਤੱਕ ਪਿੰਡ ਵਿੱਚ ਬੱਚਿਆਂ ਲਈ ਖੇਡ ਮੈਦਾਨ, ਸਕੂਲ, ਕਾਲਜ, ਪਾਰਕ, ਕਮਿਊਨਿਟੀ ਸੈਂਟਰ, ਸੀਵਰੇਜ ਸਿਸਟਮ, ਵਾਟਰ ਸਪਲਾਈ, ਸਾਫ ਸਫਾਈ ਵਰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਪਿੰਡ ਵਾਸੀ ਪ੍ਰਾਪਰਟੀ ਟੈਕਸ ਜਮਾਂ ਨਹੀਂ ਕਰਾਉਣਗੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਲੋਕਾਂ ਕੋਲ ਪਹਿਲਾਂ ਤੋਂ ਪੈਸਾ ਖ਼ਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨ ਲਈ ਕਈ ਪਾਪੜ ਵੇਲਣੇ ਪੈ ਰਹੇ ਹਨ ਜਿਸ ਕਰਕੇ ਉਹ ਪ੍ਰਾਪਰਟੀ ਟੈਕਸ ਭਰਨ ਤੋਂ ਅਸਮਰਥ ਹਨ।
ਇਸ ਮੌਕੇ ਮਨਜੀਤ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ, ਜਗਦੀਸ਼ ਕੁਮਾਰ, ਸੁਰਿੰਦਰ ਸਿੰਘ, ਕਾਕਾ ਸਿੰਘ, ਸੁਖਵਿੰਦਰ ਸਿੰਘ, ਹਰਮਿੰਦਰ ਸਿੰਘ, ਅਸ਼ੋਕ ਕੁਮਾਰ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਸੁੱਚਾ ਸਿੰਘ, ਗੁਰਨਾਮ ਸਿੰਘ, ਗੁਰਜੀਤ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਨਵਜੀਤ ਸਿੰਘ, ਨੈਬ ਸਿੰਘ, ਹਰਪ੍ਰੀਤ ਸਿੰਘ ਮੌਜੂਦ ਸਨ।