ਜਗਤਾਰ ਸਿੰਘ ਛਿੱਤ
ਜੈਂਤੀਪੁਰ, 6 ਅਗਸਤ
ਥਾਈਲੈਂਡ ਦੇ ਬੈਂਕਾਕ ਸ਼ਹਿਰ ਵਿੱਚ ਹੋਈਆਂ ਏਸ਼ੀਆ ਯੋਗਾ ਚੈਂਪੀਅਨਸ਼ਿਪ ਖੇਡਾਂ ਵਿੱਚ ਇਤਿਹਾਸਕ ਪਿੰਡ ਕੱਥੂਨੰਗਲ ਦੀ ਨਵਨੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ ਗੋਲਡ ਮੈਡਲ ਅਤੇ ਮਿਊਜ਼ਿਕ ਆਰਟਿਸਟ ਸੋਲੋ ’ਚ ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਨਵਨੀਤ ਕੌਰ ਨੇ ਯੋਗਾ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਭਾਰਤ ਵੱਲੋਂ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਛੇ ਦੇਸ਼ਾਂ ਨੂੰ ਪਛਾੜ ਕੇ ਗੋਲਡ ਮੈਡਲ ਆਪਣੇ ਦੇਸ਼ ਦੇ ਨਾਮ ਕੀਤਾ। ਖਿਡਾਰਨ ਨਵਨੀਤ ਕੌਰ ਦਾ ਆਪਣੇ ਪਿੰਡ ਕੱਥੂਨੰਗਲ ਵਿੱਚ ਪਹੁੰਚਣ ’ਤੇ ਸਮੂਹ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਾਫਲੇ ਦੇ ਰੂਪ ’ਚ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। ਇਸ ਮੌਕੇ ਨਵਨੀਤ ਕੌਰ ਨੇ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਮੇਰੇ ਕੋਚ ਨਰਪਿੰਦਰ ਸਿੰਘ ਅੰਮ੍ਰਿਤਸਰ ਵੱਲੋਂ ਕਰਵਾਈ ਸਖ਼ਤ ਮਿਹਨਤ ਅਤੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਸਦਕਾ ਉਹ ਇਸ ਮੁਕਾਮ ’ਤੇ ਪਹੁੰਚੀ ਹੈ ਪਰ ਅਫਸੋਸ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ। ਇਸ ਮੌਕੇ ਨਵਨੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਕੱਥੂਨੰਗਲ, ਮਾਮਾ ਗੁਰਮੀਤ ਸਿੰਘ ਜੈਂਤੀਪੁਰ ਅਤੇ ਪਿੰਡ ਦੇ ਪਤਵੰਤੇ ਡਾ. ਦਲਵਿੰਦਰ ਸਿੰਘ ਰੰਧਾਵਾ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਦੇਸ਼ ਦਾ ਮਾਣ ਨਾਲ ਸਿਰ ਉੱਚਾ ਕਰਨ ਵਾਲੇ ਅਜਿਹੇ ਖਿਡਾਰੀਆਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਵੇ ਤਾਂ ਜੋ ਹੋਰ ਨੌਜਵਾਨ ਵੀ ਉਤਸ਼ਾਹਿਤ ਹੋ ਕੇ ਖੇਡਾਂ ਵਿੱਚ ਭਾਰਤ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਸਕਣ।