ਦਵਿੰਦਰ ਪਾਲ
ਚੰਡੀਗੜ੍ਹ, 7 ਮਈ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਜਥੇਬੰਦੀਆਂ ਨੇ 8 ਮਈ ਨੂੰ ਸਮੁੱਚੇ ਸੂਬੇ ਵਿੱਚ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲਾਈਆਂ ਕਰੋਨਾ ਸਬੰਧੀ ਪਾਬੰਦੀਆਂ ਖ਼ਿਲਾਫ ਇੱਕਜੁਟਤਾ ਪ੍ਰਗਟਾਉਣ ਕਰਨ ਲਈ ਅੱਜ ਵਿਉਂਤਬੰਦੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਰੋਨਾ ਦੀ ਆੜ ’ਚ ਤਾਲਾਬੰਦੀ ਰਾਹੀਂ ਛੋਟੇ ਦੁਕਾਨਕਾਰਾਂ ਦਾ ਗਲ ਘੁੱਟਣ ਦੇ ਫੁਰਮਾਨ ਦਿੱਤੇ ਜਾ ਰਹੇ ਹਨ। ਪੰਜਾਬ ਭਰ ’ਚ ਸਵਾ ਸੌ ਤੋਂ ਵੱਧ ਥਾਵਾਂ- ਟੌਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਸਾਹਮਣੇ ਜਾਰੀ ਧਰਨਿਆਂ ’ਚ ਕਿਸਾਨ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਨਾਂਅ ਹੇਠ ਲੋਕ-ਸੰਘਰਸ਼ਾਂ ’ਤੇ ਮੜ੍ਹੀਆਂ ਜਾ ਰਹੀਆਂ ਪਾਬੰਦੀਆਂ ਦੀ ਨਿਖੇਧੀ ਕੀਤੀ। ਸੂਬੇ ਦੀਆਂ 32 ਕਿਸਾਨ-ਜਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਖ਼ਿਲਾਫ਼ ਵਪਾਰੀਆਂ, ਛੋਟੇ-ਦੁਕਾਨਦਾਰਾਂ ਅਤੇ ਮਜ਼ਦੂਰਾਂ ਦੇ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਭਲਕੇ 8 ਮਈ ਨੂੰ ਦੁਕਾਨਾਂ ਬੰਦ ਹੋਣ ਅਤੇ ਪਾਬੰਦੀਆਂ ਖ਼ਿਲਾਫ਼ ਰੋਸ-ਪ੍ਰਗਟਾਇਆ ਜਾਵੇਗਾ ਤੇ ਦੁਕਾਨਦਾਰਾਂ ਦੀ ਮਦਦ ਕਰਕੇ ਦੁਕਾਨਾਂ ਖੁੱਲ੍ਹਵਾਈਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਵਪਾਰੀਆਂ, ਛੋਟੇ-ਦੁਕਾਨਦਾਰਾਂ, ਕਾਰੋਬਾਰੀਆਂ ਤੇ ਮਜ਼ਦੂਰਾਂ ਦੇ ਸਮ ਰਥਨ ’ਚ ਕੀਤੇ ਜਾ ਰਹੇ ਵਿਰੋਧ-ਪ੍ਰਦਰਸ਼ਨ ਲਈ ਪੰਜਾਬ ਭਰ ’ਚ ਜ਼ਿਲ੍ਹਾ, ਤਹਿਸੀਲ ਤੇ ਬਲਾਕ ਪੱਧਰ ’ਤੇ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ। ਦਿੱਲੀ ਤੋਂ ਕੁੱਝ ਕਿਸਾਨ ਆਗੂ ਵਿਸ਼ੇਸ਼ ਤੌਰ ’ਤੇ ਪੰਜਾਬ ਆ ਕੇ ਤਿਆਰੀਆਂ ਕਰਵਾ ਕਰ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ 10 ਅਤੇ 12 ਮਈ ਨੂੰ ਦਿੱਲੀ-ਚੱਲੋ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਕਿਸਾਨਾਂ ਦੇ ਕਾਫ਼ਲੇ ਪਹਿਲਾਂ ਹੀ ਰਵਾਨਾ ਹੋ ਰਹੇ ਹਨ।
ਅਜੀਤਵਾਲ (ਗੁਰਪ੍ਰੀਤ ਦੌਧਰ): ਨੇੜਲੇ ਪਿੰਡ ਕਿਲੀ ਚਾਹਲਾਂ ਵਿੱਚ ਭਾਕਿਯੂ (ਏਕਤਾ ਉਗਰਾਹਾਂ) ਦੇ ਤਿੰਨ ਜਿਲ੍ਹਿਆਂ ਮੋਗਾ, ਲੁਧਿਆਣਾ, ਜਲੰਧਰ ਦੀ ਸਿੱਖਿਆ ਮੀਟਿੰਗ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਪਿੰਡ ਪੱਧਰ ਤੱਕ ਦੇ ਕਿਸਾਨ ਆਗੂ ਸ਼ਾਮਲ ਹੋਏ। ਸ੍ਰੀ ਕੋਕਰੀ ਕਲਾਂ ਨੇ ਦੱਸਿਆ ਕਿ ਸੰਸਾਰ ਵਪਾਰ ਸੰਸਥਾ ਦੇ ਨਿਰਦੇਸ਼ਾਂ ਤਹਿਤ ਖੁੱਲ੍ਹੀ ਮੰਡੀ ਤੇ ਨਿੱਜੀਕਰਨ ਦੀਆਂ ਲੋਟੂ ਸਾਮਰਾਜੀ ਆਰਥਿਕ ਨੀਤੀਆਂ ਕਰੋਨਾ ਦੀ ਆੜ ਹੇਠ ਕਿਸਾਨਾਂ ਮਜ਼ਦੂਰਾਂ ’ਤੇ ਮੜ੍ਹਨ ਲਈ ਤਰਲੋਮੱਛੀ ਹੋ ਰਹੀ ਮੋਦੀ ਹਕੂਮਤ ਦੇ ਸਿਆਸੀ ਆਧਾਰ ਨੂੰ ਇੱਕਜੁਟ ਹੋ ਕੇ ਹੀ ਹਰਾਇਆ ਜਾ ਸਕਦਾ ਹੈ। ਇਸ ਲਈ ਲੰਬਾ ਦਮ ਰੱਖ ਕੇ ਸਿਰੜੀ ਸੰਘਰਸ਼ ਲੜਨ ਲਈ ਹੋਰ ਲਾਮਬੰਦੀਆਂ ਕਰਨ ਦੀ ਲੋੜ ਹੈ। ਦੂਜੇ ਮੁੱਖ ਬੁਲਾਰੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਦੱਸਿਆ ਕਿ ਇਸੇ ਕਰੋਨਾ ਦੀ ਆੜ ਹੇਠਾਂ ਲਾਕਡਾਊਨ ਰਾਹੀਂ ਆਮ ਦੁਕਾਨਦਾਰਾਂ ਅਤੇ ਰੇੜ੍ਹੀ ਫੜ੍ਹੀ ਵਾਲਿਆਂ ਦੇ ਕਾਰੋਬਾਰ ਠੱਪ ਕਰਕੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕਣ ਖ਼ਿਲਾਫ਼ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਹੱਕੀ ਵਿਰੋਧ ਪ੍ਰਦਰਸ਼ਨਾਂ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 8 ਮਈ ਨੂੰ ਡਟਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਬਰਨਾਲਾ (ਰਵਿੰਦਰ ਰਵੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਚ ਹੋਈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ ਨੇ ਕਿਹਾ ਕਿ ਕਰੋਨਾ ਦੀ ਓਟ ਕੇਂਦਰੀ ਹਕੂਮਤ ਕਿਸਾਨੀ ਸੰਘਰਸ਼ ਉੱਪਰ ਹੱਲਾ ਬੋਲਣ ਤੇ ਤੁਲੀ ਹੋਈ ਹੈ। ਆਗੂਆਂ ਨੇ ਕਿਹਾ ਕਿ 8 ਮਈ ਨੂੰ ਸਾਰੀਆਂ ਧਿਰਾਂ ਸ਼ਹਿਰੀ ਕਾਰੋਬਾਰੀਆਂ ਦਾ ਡਟਵਾਂ ਸਾਥ ਦੇਣ।
ਤਾਲਾਬੰਦੀ ਦੌਰਾਨ ਕਿਸਾਨਾਂ ਦੀ ਇਕੱਤਰਤਾ ਦੇ ਐਲਾਨ ਨੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਾਈ
ਪਟਿਆਲਾ (ਰਵੇਲ ਸਿੰਘ ਭਿੰਡਰ): ਤਾਲਾਬੰਦੀ ਕਰਕੇ ਅੱਜ ਵੀ ਵਪਾਰੀਆਂ ’ਚ ਸਰਕਾਰ ਖ਼ਿਲਾਫ਼ ਰੋਸ ਵੇਖਣ ਨੂੰ ਮਿਲਿਆ। ਅਜਿਹੇ ’ਚ ਵੱਡੀ ਗਿਣਤੀ ਵਪਾਰੀਆਂ ਨੇ ਅੱਜ ਦੂਜੇ ਦਿਨ ਵੀ ਗੈਰ-ਜ਼ਰੂਰੀ ਕਰਾਰ ਦੁਕਾਨਾਂ ਖੋਲ੍ਹੀ ਰੱਖੀਆਂ। ਉਧਰ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਭਲਕੇ 8 ਮਈ ਨੂੰ ਸਵੇਰੇ ਨੌਂ ਵਜੇ ਸ਼ੇਰਾਂ ਵਾਲਾ ਗੇਟ ਵਿੱਚ ਰੱਖੀ ਗਈ ਇਕੱਤਰਤਾ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਦੱਸਣਯੋਗ ਹੈ ਕਿ ਭਾਵੇਂ ਅੱਜ ਸ਼ਾਮ ਛੇ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਤਾਲਾਬੰਦੀ-ਕਮ-ਨਾਈਟ ਕਰਫਿਊ ਦੀਆਂ ਪਾਬੰਦੀਆਂ ਸ਼ੁਰੂ ਹੋ ਗਈਆਂ ਹਨ ਪਰ ਇਸ ਦੇ ਬਾਵਜੂਦ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਭਲਕੇ ਅੱਠ ਮਈ ਨੂੰ ਸ਼ਹਿਰ ’ਚ ਇਕੱਤਰਤਾ ਕਰਨ ਦੇ ਫ਼ੈਸਲੇ ਕਾਰਨ ਪ੍ਰਸ਼ਾਸਨ ਅਤੇ ਕਰੋਨਾ ਤੋਂ ਘਬਰਾਏ ਸ਼ਹਿਰੀਆਂ ਦੀ ਫਿਕਰ ਵੱਧ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੇਰਾਂ ਵਾਲਾ ਗੇਟ ਕੋਲ ਹੋਣ ਵਾਲੀ ਇਕੱਤਰਤਾ ਨੂੰ ਰੋਕਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸੇਵਾਮੁਕਤ ਅਧਿਆਪਕ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਭਲਕੇ ਪਟਿਆਲਾ ਸ਼ਹਿਰ ਦੇ ਸਾਰੇ ਬਾਜ਼ਾਰ ਖੁੱਲ੍ਹਵਾਏ ਜਾਣਗੇ। ਇਸ ਮੁਹਿੰਮ ’ਚ ਜਿਥੇ ਕਿਸਾਨ ਸ਼ਾਮਲ ਹੋਣਗੇ, ਉਥੇ ਹੀ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੀ ਗਰਮਜੋਸ਼ੀ ਨਾਲ ਸ਼ਿਰਕਤ ਕਰਨਗੀਆਂ। ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਦੁਕਾਨਾਂ ਖੁੱਲ੍ਹਵਾਉਣ ਦੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਆਖਿਆ ਕਿ ਭਲਕੇ ਪਟਿਆਲਾ ਖੁੱਲ੍ਹਵਾਉਣ ਲਈ ਵਪਾਰੀ ਅੱਗੇ ਹੋ ਕੇ ਵਿਚਰਨਗੇ। ਉਨ੍ਹਾਂ ਸ਼ਹਿਰ ਦੇ ਸਮੂਹ ਵਪਾਰੀਆਂ ਨੂੰ ਸ਼ੇਰਾਂ ਵਾਲਾ ਗੇਟ ਇਕੱਤਰਤਾ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।