ਪਵਨ ਗੋਇਲ
ਭੁੱਚੋ ਮੰਡੀ, 4 ਮਈ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਪਿੰਡ ਵਾਸੀਆਂ ਦਾ ਮੋਰਚਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਪਿੰਡ ਵਿੱਚ ਮਾਹਿਰ ਡਾਕਟਰਾਂ ਨੂੰ ਬੁਲਾ ਕੇ ਕੈਂਪ ਲਗਾਉਣ ਦਾ ਫੈ਼ਸਲਾ ਕੀਤਾ ਹੈ, ਜਿਸ ਵਿੱਚ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਜਾਗਰੂਕ ਕਰ ਕੇ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ ਜਾਵੇਗਾ।
ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਹਰਜੀਤ ਸਿੰਘ, ਲਖਵਿੰਦਰ ਸਿੰਘ ਭੋਲਾ, ਗੁਰਵਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਜਿਨ੍ਹਾਂ ਤਸ਼ਾ ਤਸਕਰਾਂ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ਗਿਆ ਸੀ, ਉਨ੍ਹਾਂ ਦੀਆਂ ਜ਼ਮਾਨਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਹ ਬਾਹਰ ਆ ਕੇ ਮੁੜ ਨਸ਼ਾ ਵੇਚਣ ਲੱਗ ਪਏ ਹਨ, ਪਰ ਪੁਲੀਸ ਮੂਕ ਦਰਸ਼ਕ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਿਧਾਇਕ ਮਾਸਟਰ ਜਗਸੀਰ ਸਿੰਘ ਇਸੇ ਪਿੰਡ ਦਾ ਵਸਨੀਕ ਹੋਣ ਦੇ ਬਾਵਜੂਦ ਅੱਜ ਤੱਕ ਧਰਨਾਕਾਰੀਆਂ ਦੀ ਸਾਰ ਲੈਣ ਨਹੀਂ ਆਇਆ। ਜ਼ਿਕਰਯੋਗ ਹੈ ਕਿ ਮੋਰਚੇ ਦੇ ਪਹਿਲੇ ਦਿਨ ਵਿਧਾਇਕ ਦਾ ਪੁੱਤਰ ਹਰਸਿਮਰਨ ਇੱਕ ਵਾਰ ਧਰਨੇ ਵਾਲੀ ਥਾਂ ’ਤੇ ਆਇਆ ਸੀ।
ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਨੌਜਵਾਨ ਵਰਗ ਨੂੰ ਬਚਾਉਣ ਲਈ ਚੋਣ ਵਾਅਦੇ ਅਨੁਸਾਰ ਚਿੱਟੇ ਦੇ ਵਪਾਰੀਆਂ ਖ਼ਿਲਾਫ਼ ਜਲਦੀ ਕਾਰਵਾਈ ਕਰਨ। ਇਸ ਮੌਕੇ ਧਰਨਾਕਾਰੀ ਨੌਜਵਾਨਾਂ ਨੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਮੋਰਚੇ ਲਾਉਣ। ਇਸ ਤਰ੍ਹਾਂ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇਗਾ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਆਗੁ ਅਤੇ ਔਰਤਾਂ ਹਾਜ਼ਰ ਸਨ।