ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 8 ਨਵੰਬਰ
ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕ ਹਾਦਸਿਆਂ ਵਿੱਚ ਤਿੰਨ ਮੌਤਾਂ ਹੋ ਗਈਆਂ। ਜਾਣਕਾਰੀ ਮੁਤਾਬਕ ਮੋਗਾ-ਕੋਟਕਪੂਰਾ ਟੌਲ ਪਲਾਜ਼ਾ ਕੋਲ ਚੰਦ ਨਵਾਂ ਨੇੜੇ ਬੱਸ ਤੋਂ ਉਤਰਨ ਲੱਗੀ ਇੱਕ ਮੁਟਿਆਰ ਦੀ ਬੱਸ ਹੇਠਾਂ ਆ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਜੋ ਕਿ ਚੰਦ ਨਵਾਂ ਧਾਰਮਿਕ ਅਸਥਾਨ ‘ਤੇ ਆਪਣੇ ਮੰਗੇਤਰ ਨਾਲ ਮੱਥਾ ਟੇਕਣ ਆਈ ਸੀ।
ਜਾਣਕਾਰੀ ਮੁਤਾਬਕ ਰੁਪਿੰਦਰ ਕੌਰ ਦੇ ਮੰਗੇਤਰ ਜਗਤਾਰ ਸਿੰਘ ਵਾਸੀ ਡਰੋਲੀ ਭਾਈ ਨੇ ਫ਼ਰਾਂਸ ਜਾਣਾ ਸੀ। ਰੁਪਿੰਦਰ ਕੌਰ ਵਾਸੀ ਖਾਰਾ ਜਿਸਦੀ ਤਿੰਨ ਮਹੀਨੇ ਪਹਿਲਾਂ ਮੰਗਣੀ ਹੋਈ ਸੀ, ਆਪਣੇ ਮੰਗੇਤਰ ਨਾਲ ਇੱਥੇ ਆਈ ਸੀ ਜਿਸ ਦੌਰਾਨ ਉਸ ਦਾ ਮੋਬਾਈਲ ਉਸ ਦੇ ਮੰਗੇਤਰ ਕੋਲ ਰਹਿ ਗਿਆ ਅਤੇ ਉਹ ਬੱਸ ‘ਚ ਚੜ੍ਹ ਗਈ। ਉਹ ਫੋਨ ਫੜਾਉਣ ਲਈ ਬੱਸ ਰੁਕਵਾ ਕੇ ਹੇਠਾਂ ਉਤਰਨ ਲੱਗੀ ਤਾਂ ਬੱਸ ਵਿੱਚੋਂ ਹੇਠਾਂ ਡਿੱਗ ਪਈ ਅਤੇ ਬੱਸ ਹੇਠਾਂ ਆ ਜਾਣ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਕੋਟਕਪੂਰਾ ਤੋਂ ਆਪਣੇ ਪਿੰਡ ਪੰਜ ਗਰਾਈਂ ਖੁਰਦ ਆ ਰਹੇ ਦੋ ਮੋੋਟਰਸਾਈਕਲ ਸਵਾਰ ਨੌਜਵਾਨਾਂ ਦੀ ਇੱਕ ਕੰਬਾਈਨ ਦੇ ਛੇਜੇ ਨਾਲ ਟਕਰਾਉਣ ਕਰਕੇ ਮੌਤ ਹੋ ਗਈ। ਮਾਰੇ ਗਏ ਨੌਜਵਾਨਾਂ ਦੀ ਪਛਾਣ ਅਰਸ਼ਦੀਪ ਸਿੰਘ (20) ਤੇ ਸੁਖਚੈਨ ਸਿੰਘ (40) ਵਜੋਂ ਹੋਈ ਹੈ ਜੋ ਕੋਟਕਪੂਰਾ ਤੋਂ ਮਿਹਨਤ ਮਜ਼ਦੂਰੀ ਕਰ ਕੇ ਪਿੰਡ ਆ ਰਹੇ ਸਨ। ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ਾਂ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਪਰਾਲੀ ਦੇ ਧੂੰਏਂ ਕਾਰਨ ਨੌਜਵਾਨ ਦੀ ਮੌਤ
ਸਮਾਲਸਰ: ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਲਧਾਈ ਕੇ ਨੇੜੇ ਬਣੀ ਗਊਸ਼ਾਲਾ ਕੋਲ ਪਰਾਲੀ ਨੂੰ ਲੱਗੀ ਅੱਗ ਦੇ ਧੂੰਏਂ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪਿੰਡ ਕਾਲੇ ਕੇ ਦੇ ਸਰਪੰਚ ਨੇ ਦੱਸਿਆ ਕਿ ਕਾਲੇ ਕੇ ਵਾਸੀ ਗੁਰਪ੍ਰੀਤ ਸਿੰਘ (21) ਪੁੱਤਰ ਕਿਰਪਾਲ ਸਿੰਘ ਮਾੜੀ ਮੁਸਤਫਾ ਦੀ ਦਾਣਾ ਮੰਡੀ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ। ਜਦੋਂ ਉਹ ਪਿੰਡ ਤੋਂ ਮਾੜੀ ਮੁਸਤਫਾ ਕੰਮ ‘ਤੇ ਜਾ ਰਿਹਾ ਸੀ ਤਾਂ ਪਿੰਡ ਲਧਾਈ ਕੇ ਨੇੜੇ ਬਣੀ ਗਊਸ਼ਾਲਾ ਨੇੜੇ ਪਰਾਲੀ ਨੂੰ ਲੱਗੀ ਅੱਗ ਦੇ ਧੂੰਏਂ ਕਾਰਨ ਉਹ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਣਪਛਾਤਾ ਵਾਹਨ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਬਾਘਾਪੁਰਾਣਾ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਅਬੋਹਰ: ਇੱਥੋਂ ਦੀ ਨਿਊ ਉੱਤਮ ਵਿਹਾਰ ਕਲੋਨੀ ਵਿੱਚ ਅੱਜ ਦੁਪਹਿਰ ਇੱਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮੋਨੂੰ (40) ਪੁੱਤਰ ਰਾਜ ਕੁਮਾਰ ਨੇ ਆਪਣੇ ਨਿਰਮਾਣ ਅਧੀਨ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ। ਗੁਆਂਢੀਆਂ ਤੋਂ ਸੂਚਨਾ ਮਿਲਣ ‘ਤੇ ਉਸ ਦਾ ਭਰਾ ਅਤੇ ਭੈਣ ਮੌਕੇ ‘ਤੇ ਪਹੁੰਚੇ। ਨੌਜਵਾਨ ਵੱਲੋਂ ਮਰਨ ਤੋਂ ਪਹਿਲਾਂ ਘਰ ਦੀ ਕੰਧ ‘ਤੇ ਚਾਕ ਨਾਲ ਕੁਝ ਲੋਕਾਂ ਦੇ ਨਾਂ ਲਿਖੇ ਹੋਏ ਮਿਲੇ ਹਨ। ਮੌਕੇ ‘ਤੇ ਪੁੱਜੀ ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੌਰਚਰੀ ‘ਚ ਰਖਵਾਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ