ਨਵੀਂ ਦਿੱਲੀ, 14 ਜੁਲਾਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦਾ ਭਵਿੱਖ ਉਸ ਦਾ ਅਤੀਤ ਨਹੀਂ ਹੋ ਸਕਦਾ ਹੈ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੇ ਵੱਡੇ ਹਿੱਸੇ ’ਤੇ ਕਬਜ਼ੇ ਦੀ ਘਟਨਾਵਾਂ ਦਰਮਿਆਨ ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਅਹਿਮ ਬੈਠਕ ’ਚ ਕਿਹਾ ਕਿ ਦੁਨੀਆ ਹਿੰਸਾ ਅਤੇ ਤਾਕਤ ਰਾਹੀਂ ਸੱਤਾ ਹਥਿਆਉਣ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦਾ ਭਵਿੱਖ ਉਸ ਦਾ ਅਤੀਤ ਨਹੀਂ ਹੋ ਸਕਦਾ ਹੈ। ਅਫ਼ਗਾਨਿਸਤਾਨ ਬਾਰੇ ਐੱਸਸੀਓ ਵਿਦੇਸ਼ ਮੰਤਰੀਆਂ ਦੇ ਸੰਪਰਕ ਗਰੁੱਪ ਦੀ ਦੁਸ਼ਾਂਬੇ ’ਚ ਬੈਠਕ ਦੌਰਾਨ ਆਪਣੇ ਸੰਬੋਧਨ ’ਚ ਉਨ੍ਹਾਂ ਜ਼ੋਰ ਦਿੱਤਾ ਕਿ ਅਫ਼ਗਾਨਿਸਤਾਨ ਦੇ ਗੁਆਂਢੀਆਂ ਨੂੰ ‘ਅਤਿਵਾਦ, ਵੱਖਵਾਦ ਅਤੇ ਕੱਟੜਵਾਦ’ ਤੋਂ ਕੋਈ ਖ਼ਤਰਾ ਨਾ ਹੋਵੇ। ਸ਼ੰਘਾਈ ਸਹਿਯੋਗ ਸੰਗਠਨ ਦੇ ਸੰਪਰਕ ਸਮੂਹ ਦੀ ਬੈਠਕ ਅਫ਼ਗਾਨਿਸਤਾਨ ’ਚ ਵਧਦੀ ਹਿੰਸਾ ’ਤੇ ਆਲਮੀ ਫਿਕਰਾਂ ਵਿਚਕਾਰ ਹੋਈ। -ਪੀਟੀਆਈ
ਜੈਸ਼ੰਕਰ ਵੱਲੋਂ ਦੁਸ਼ਾਂਬੇ ’ਚ ਚੀਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਦੁਸ਼ਾਂਬੇ ’ਚ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਕਰੀਬ ਇਕ ਘੰਟੇ ਤੱਕ ਮੁਲਾਕਾਤ ਕੀਤੀ। ਦੋਹਾਂ ਵਿਚਕਾਰ ਗੱਲਬਾਤ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਬਕਾਇਆ ਪਏ ਮੁੱਦਿਆਂ ਨੂੰ ਹੱਲ ਕਰਨ ’ਤੇ ਕੇਂਦਰਤ ਰਹੀ। ਗੱਲਬਾਤ ਮਗਰੋਂ ਜੈਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਯੀ ਨੂੰ ਕਿਹਾ ਕਿ ਭਾਰਤ ਨੂੰ ਸਥਿਤੀ ਦਾ ਇਕਤਰਫ਼ਾ ਬਦਲਾਅ ਮਨਜ਼ੂਰ ਨਹੀਂ ਹੈ। ਇਸ ਦੌਰਾਨ ਦੋਵੇਂ ਮੁਲਕਾਂ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਦੀ ਛੇਤੀ ਮੀਟਿੰਗ ਸੱਦਣ ’ਤੇ ਵੀ ਸਹਿਮਤੀ ਬਣੀ। ਦੋਵੇਂ ਵਿਦੇਸ਼ ਮੰਤਰੀਆਂ ਵਿਚਕਾਰ ਮੁਲਾਕਾਤ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਹੋਈ। ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ਦੁਵੱਲੇ ਸਬੰਧਾਂ ਦੇ ਵਿਕਾਸ ਲਈ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਥਿਰਤਾ ਦੀ ਪੂਰੀ ਤਰ੍ਹਾਂ ਨਾਲ ਬਹਾਲੀ ਜ਼ਰੂਰੀ ਹੈ। -ਪੀਟੀਆਈ