ਸੰਜੀਵ ਸਿੰਘ ਸੈਣੀ
ਸਾਡਾ ਸਾਰਿਆਂ ਦਾ ਸਮਾਜ ਵਿਚ ਵਿਚਰਦਿਆਂ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ। ਕੁਝ ਬੰਦੇ ਬਹੁਤ ਬੋਲਦੇ ਹਨ ਤੇ ਕੁਝ ਬਹੁਤ ਸੋਚ ਸਮਝ ਕੇ ਬੋਲਦੇ ਹਨ, ਪਰ ਸਾਨੂੰ ਸਾਰਿਆਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਦਿੰਦੇ ਹਾਂ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ’ਤੇ ਆ ਜਾਂਦੇ ਹਨ।
ਜ਼ਿਆਦਾ ਬੋਲਣ ਨਾਲ ਅਸੀਂ ਗ਼ਲਤ ਗੱਲਾਂ ਕਹਿ ਦਿੰਦੇ ਹਾਂ ਜਿਨ੍ਹਾਂ ਕਰਕੇ ਦੂਸਰੇ ਨੂੰ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਕਾਹਲੀ ਵਿਚ ਅਸੀਂ ਇਹ ਵੀ ਨਹੀਂ ਸੋਚਦੇ ਕਿ ਕੀ ਬੋਲਣਾ ਹੈ? ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈ। ਸਾਨੂੰ ਕ੍ਰੋਧ ਵਿਚ ਸਹਿਣਸ਼ੀਲ ਹੋਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਹ ਬੰਦਾ ਕਿਸੇ ਗੱਲ ਕਰਕੇ ਪਰੇਸ਼ਾਨ ਹੋਵੇ। ਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣ। ਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਾਂ ਤਾਂ ਸੁਣਨ ਵਾਲਾ ਬਹੁਤ ਧਿਆਨ ਨਾਲ ਸੁਣਦਾ ਹੈ। ਸਿਆਣੇ ਅਕਸਰ ਕਹਿੰਦੇ ਹਨ ਕਿ ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਬੋਲੋ।
ਕਈ ਵਾਰ ਅਸੀਂ ਦੇਖਦੇ ਹਾਂ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ ਤਾਂ ਉਹ ਘਰ ਵਿਚ ਅਕਸਰ ਲੜਾਈ ਝਗੜਾ ਵੀ ਕਰਦਾ ਹੈ। ਕਲੇਸ਼ ਵਰਗਾ ਮਾਹੌਲ ਘਰ ਵਿਚ ਪੈਦਾ ਹੁੰਦਾ ਹੈ। ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾ। ਦੁਖ ਵਿਚ ਕੋਈ ਵੀ ਸ਼ਰੀਕ ਨਹੀਂ ਹੁੰਦਾ। ਕਈ ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਹਨ ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ, ਪਰ ਜ਼ੁਬਾਨ ਇੰਨੀ ਕੌੜੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਕਿਸੇ ਨੇ ਸਹੀ ਕਿਹਾ ਹੈ ਕਿ ਇਹੀ ਜ਼ੁਬਾਨ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤਕ ਲੈ ਜਾਂਦੀ ਹੈ।
ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ। ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ। ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੋਲੋ ਪਰ ਉੱਥੇ ਬੋਲੋ ਜਿੱਥੇ ਤੁਹਾਡੀ ਜ਼ਰੂਰਤ ਹੈ। ਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ, ਉਦੋਂ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਇਹ ਕਦੋਂ ਚੁੱਪ ਕਰਨਗੇ। ਅਜਿਹੇ ਵਿਅਕਤੀ ਲੋਕਾਂ ਵਿਚ ਆਪਣੀ ਇੱਜ਼ਤ ਮਾਣ ਖੋ ਲੈਂਦੇ ਹਨ। ਅਜਿਹਾ ਬੰਦਾ ਜਿੱਥੇ ਬੈਠਾ ਹੋਵੇ, ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ।
ਸਾਡਾ ਸਮਾਜ ਵਿਚ ਕਈ ਅਜਿਹੀਆਂ ਸ਼ਖ਼ਸੀਅਤਾਂ ਨਾਲ ਵਾਹ ਪੈਂਦਾ ਹੈ ਜੋ ਬਹੁਤ ਘੱਟ ਬੋਲਦੀਆਂ ਹਨ, ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ ਤੇ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਨ।
ਇਸੇ ਤਰ੍ਹਾਂ ਜੇ ਖਾਣ ਦੀ ਗੱਲ ਕਰੀਏ ਜਿੰਨਾ ਅਸੀਂ ਘੱਟ ਖਾਵਾਂਗੇ ਓਨਾ ਅਸੀਂ ਵਧੀਆ ਰਹਾਂਗੇ। ਸਾਨੂੰ ਡਾਕਟਰਾਂ ਕੋਲ ਨਹੀਂ ਜਾਣਾ ਪਵੇਗਾ। ਕਿਸੇ ਨੇ ਠੀਕ ਹੀ ਕਿਹਾ ਹੈ ‘ਖਾਣ ਲਈ ਨਾ ਜੀਓ, ਜੀਣ ਲਈ ਖਾਓ।’
ਅਸੀਂ ਅਕਸਰ ਦੇਖਦੇ ਹਾਂ ਕਿ ਵਿਆਹਾਂ ਤੇ ਹੋਰ ਪ੍ਰੋਗਰਾਮਾਂ ਵਿਚ ਲੋਕ ਖਾਣੇ ’ਤੇ ਟੁੱਟ ਕੇ ਪੈਂਦੇ ਹਨ। ਪੇਟ ਨੂੰ ਕੂੜੇ ਕਚਰੇ ਦਾ ਢੇਰ ਹੀ ਬਣਾ ਲੈਂਦੇ ਹਨ। ਇਸ ਤਰ੍ਹਾਂ ਬੇਸਬਰਿਆਂ ਦੀ ਤਰ੍ਹਾਂ ਖਾਂਦੇ ਹਨ ਕਿ ਜਿਵੇਂ ਕਦੇ ਦੇਖਿਆ ਨਾ ਹੋਵੇ। ਫਿਰ ਬਾਅਦ ਵਿਚ ਪੇਟ ਨੂੰ ਫੜ ਕੇ ਫਿਰਦੇ ਰਹਿੰਦੇ ਹਨ। ਅਕਸਰ ਅਜਿਹਾ ਉਹੀ ਲੋਕ ਕਰਦੇ ਹਨ ਜੋ ਆਪਣੇ ਘਰਾਂ ਵਿਚ ਖਾਣ ਪੀਣ ਲਈ ਚੀਜ਼ਾਂ ਨਹੀਂ ਲਿਆਉਂਦੇ। ਬਸ ਵਿਆਹਾਂ ਤੇ ਹੋਰ ਪ੍ਰੋਗਰਾਮਾਂ ਦੀ ਉਡੀਕ ਹੀ ਕਰਦੇ ਰਹਿੰਦੇ ਹਨ। ਇਹ ਨਹੀਂ ਸੋਚਦੇ ਕਿ ਇਕ ਦਿਨ ਦੇ ਖਾਣ ਨਾਲ ਫਿਰ ਦਸ ਦਿਨ ਡਾਕਟਰਾਂ ਕੋਲ ਹਾਜ਼ਰੀ ਲਵਾਉਣੀ ਪੈਂਦੀ ਹੈ।
ਅੱਜ ਕੱਲ੍ਹ ਤਾਂ ਉਂਜ ਵੀ ਹਰੇਕ ਚੀਜ਼ ਮਿਲਾਵਟ ਵਾਲੀ ਹੈ। ਬੜੇ ਸੋਚ ਸਮਝ ਕੇ ਹੀ ਖਾਣਾ ਚਾਹੀਦਾ ਹੈ। ਅਕਸਰ ਘਰਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਪਰਿਵਾਰਾਂ ਵਿਚ ਬਾਹਰ ਤੋਂ ਖਾਣਾ ਮੰਗਵਾਇਆ ਜਾਂਦਾ ਹੈ। ਕਦੇ ਕਦਾਈ ਤਾਂ ਇਹ ਸਭ ਠੀਕ ਹੈ, ਪਰ ਕਈ ਅਜਿਹੇ ਪਰਿਵਾਰ ਹਨ ਜੋ ਦਿਨ ਵਿਚ ਇਕ ਸਮੇਂ ਦਾ ਖਾਣਾ ਬਾਹਰ ਤੋਂ ਮੰਗਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਬਾਹਰ ਦਾ ਖਾਣਾ ਖਾਣ ਦੀ ਆਦਤ ਪੈ ਚੁੱਕੀ ਹੈ। ਮਸਾਲੇਦਾਰ ਹੋਣ ਕਾਰਨ ਇਹ ਸੁਆਦ ਤਾਂ ਲੱਗਦਾ ਹੈ, ਪਰ ਹੁੰਦਾ ਬਿਮਾਰੀਆਂ ਦਾ ਘਰ ਹੈ।
ਸਵੇਰ ਦਾ ਨਾਸ਼ਤਾ ਭਾਰੀ ਕਰਨਾ ਚਾਹੀਦਾ ਹੈ। ਭਾਵ ਰਾਜੇ ਮਹਾਰਾਜਿਆਂ ਵਾਲਾ ਸ਼ਾਹੀ ਖਾਣਾ ਖਾਣਾ ਚਾਹੀਦਾ ਹੈ, ਮਤਲਬ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ। ਦੁਪਹਿਰ ਦਾ ਖਾਣਾ ਉਸ ਤੋਂ ਹਲਕਾ ਖਾਣਾ ਚਾਹੀਦਾ ਹੈ। ਤੇ ਰਾਤ ਨੂੰ ਨਾ ਬਰਾਬਰ ਹੀ ਖਾਣਾ ਚਾਹੀਦਾ ਹੈ। ਭਾਵ ਰਾਤ ਦਾ ਖਾਣਾ ਫਕੀਰ ਦੀ ਤਰ੍ਹਾਂ ਖਾਣਾ ਚਾਹੀਦਾ ਹੈ ਕਿਉਂਕਿ ਰਾਤ ਨੂੰ ਮੰਜੇ ’ਤੇ ਸੌਣਾ ਹੀ ਹੁੰਦਾ ਹੈ। ਜੇ ਅਸੀਂ ਰਾਤ ਨੂੰ ਪੇਟ ਭਰ ਕੇ ਖਾਵਾਂਗੇ ਤਾਂ ਫਿਰ ਵਧੀਆ ਨੀਂਦ ਵੀ ਨਹੀਂ ਆਵੇਗੀ।
ਸੋ ਘੱਟ ਬੋਲਣਾ ਅਤੇ ਘੱਟ ਖਾਣਾ ਕਦੇ ਵੀ ਨੁਕਸਾਨ ਨਹੀਂ ਕਰਦਾ। ਆਓ! ਖੁਸ਼ਹਾਲ ਤੇ ਤੰਦਰੁਸਤ ਜ਼ਿੰਦਗੀ ਲਈ ਇਸ ’ਤੇ ਪਹਿਰਾ ਦਈਏ।