ਨਵੀਂ ਦਿੱਲੀ, 1 ਜੂਨ
ਬ੍ਰਿਕਸ ਮੁਲਕਾਂ ਦੀ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਬਾਰੇ ਹੋਈ ਮੰਤਰੀ ਪੱੱਧਰ ਦੀ ਵਰਚੁਅਲ ਮੀਟਿੰਗ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਬ੍ਰਿਕਸ ਸਮੂਹ ਦੇ ਮਾਰਗਦਰਸ਼ਨ ਦੇ ਸਿਧਾਂਤਾਂ ਨੂੰ ਉਭਾਰਿਆ ਤੇ ਕੌਮਾਂਤਰੀ ਕਾਨੂੰਨ ਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਜ਼ਿਕਰ ਕੀਤਾ, ਜੋ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਮਾਨਤਾ ਦਿੰਦਾ ਹੈ ਤੇ ਉਨ੍ਹਾਂ ਦੀ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ।
ਇਸ ਮੀਟਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਦੱਖਣੀ ਅਫ਼ਰੀਕਾ ਦੀ ਕੌਮਾਂਤਰੀ ਸਬੰਧਾਂ ਬਾਰੇ ਮੰਤਰੀ ਗਰੇਸ ਨਾਲੇਡੀ ਮੰਡੀਸਾ ਪਾਂਡੋਰ ਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਕਾਰਲੋਸ ਐਲਬਰਟੋ ਫਰੈਂਕੋ ਨੇ ਸ਼ਮੂਲੀਅਤ ਕੀਤੀ। ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ) ਦੀ ਬੈਠਕ ਦੌਰਾਨ ਜੈਸ਼ੰਕਰ ਨੇ ਕਿਹਾ, ‘2006 ਵਿੱਚ ਨਿਊਯਾਰਕ ਵਿੱਚ ਪਹਿਲੀ ਵਾਰ ਹੋਈ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਅਸੀਂ ਕਾਫ਼ੀ ਅੱਗੇ ਨਿਕਲ ਆਏ ਹਾਂ ਪਰ ਸਾਡੇ ਸਮੂਹ ਦਾ ਮਾਰਗਦਰਸ਼ਨ ਕਰਨ ਵਾਲੇ ਸਿਧਾਂਤ ਸਾਲਾਂ ਤੋਂ ਲਗਾਤਾਰ ਬਣੇ ਹੋਏ ਹਨ।’
ਉਨ੍ਹਾਂ ਕਿਹਾ, ‘ਅਸੀਂ ਕੌਮਾਂਤਰੀ ਕਾਨੂੰਨ ਤੇ ਸੰਯੁਕਤ ਰਾਸ਼ਟਰ ਚਾਰਟਰ ’ਤੇ ਆਧਾਰਤ ਨਿਰਪੱਖ, ਨਿਆਂਸੰਗਤ ਤੇ ਪ੍ਰਤੀਨਿਧੀ ਬਹੁਪੱਖੀ ਕੌਮਾਂਤਰੀ ਪ੍ਰਣਾਲੀ ਲਈ ਯਤਨ ਕਰਦੇ ਹਾਂ, ਜੋ ਸਾਰੇ ਰਾਜਾਂ ਦੀ ਪ੍ਰਭੂਸੱਤਾ ਦੀ ਸਮਾਨਤਾ ਨੂੰ ਮਾਨਤਾ ਦਿੰਦਾ ਹੈ ਤੇ ਉਨ੍ਹਾਂ ਦੀ ਖੇਤਰੀ ਅਖੰਡਤਾ ਦਾ ਵੀ ਸਨਮਾਨ ਕਰਦਾ ਹੈ।’ ਭਾਰਤ ਵੱਲੋਂ ਇਸ ਮੀਟਿੰਗ ਦੀ ਮੇਜ਼ਬਾਨੀ ਕੀਤੀ ਗਈ। ਇਸ ਦੌਰਾਨ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਤੇ ਕਰੋਨਾ ਰੋਕੂ ਦਵਾਈ ਦੀ ਸਪਲਾਈ ਬਾਰੇ ਵੀ ਚਰਚਾ ਕੀਤੀ ਗਈ। -ਪੀਟੀਆਈ