ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿੱਚ ਉਪ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਮਤੇ ਦੇ ਸਮਰਥਨ ਵੇਲੇ ਕਿਹਾ ਕਿ ਦਿੱਲੀ ਸਰਕਾਰ ਕੌਮੀ ਰਾਜਧਾਨੀ ਵਿੱਚ ‘ਰਾਮ ਰਾਜ’ ਦੀ ਧਾਰਨਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਸ ਧਾਰਨਾ ਬਾਰੇ 10 ਨੁਕਤੇ ਗਿਣਾਏ, ਜਿਨ੍ਹਾਂ ਵਿੱਚ ਸਭ ਲਈ ਭੋਜਨ, ਬਿਜਲੀ, ਪਾਣੀ, ਸਿੱਖਿਆ, ਸਿਹਤ, ਰੁਜ਼ਗਾਰ, ਮਕਾਨ, ਔਰਤਾਂ ਤੇ ਬਜ਼ੁਰਗਾਂ ਦਾ ਸਨਮਾਨ ਤੇ ‘ਆਪ’ ਵਿੱਚ ਸਾਰੇ ਬਰਾਬਰ ਹਨ। ਉਨ੍ਹਾਂ ਨੇ ਖ਼ੁਦ ਨੂੰ ਹਨੂੰਮਾਨ ਭਗਤ ਦੱਸਦੇ ਹੋਏ ਯੂਪੀ ਸਰਕਾਰ ਨੂੰ ਬਹਾਨੇ ਨਾਲ ਨਿੰਦਿਆ। ਇਸ ਦੌਰਾਨ ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ, ‘‘ਅਸੀਂ ਚੰਗੇ ਤੇ ਨਿਰਪੱਖ ਨਿਯਮਾਂ ਦੇ ਨਾਲ ਰਾਮਰਾਜ ਦੀ ਧਾਰਨਾ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਯੁੱਧਿਆ ਵਿਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸ਼੍ਰੀ ਰਾਮ ਦਾ ਇਕ ਮੰਦਰ ਬਣਾਇਆ ਜਾ ਰਿਹਾ ਹੈ। ਮੰਦਰ ਦੇ ਬਣਨ ਮਗਰੋਂ ਸਾਡੀ ਸਰਕਾਰ ਦਿੱਲੀ ਦੇ ਸਾਰੇ ਬਜ਼ੁਰਗਾਂ ਨੂੰ ਅਯੁੱਧਿਆ ਮੰਦਰ ਦੀ ਯਾਤਰਾ ਮੁਫਤ ਕਰਵਾਏਗੀ’’। ਮੁੱਖ ਮੰਤਰੀ ਨੇ ਕਿਹਾ, ‘‘ਪਿਛਲੇ 70 ਸਾਲਾਂ ਤੋਂ ਭਾਜਪਾ ਤੇ ਕਾਂਗਰਸ ਨੇ ਇੱਕ ਸਾਜ਼ਿਸ਼ ਤਹਿਤ ਦੇਸ਼ ਨੂੰ ਅਨਪੜ੍ਹ ਰੱਖਿਆ ਹੈ ਤਾਂ ਜੋ ਕੋਈ ਉਨ੍ਹਾਂ ਨੂੰ ਪ੍ਰਸ਼ਨ ਨਾ ਪੁੱਛ ਸਕੇ। ਪਿਛਲੇ 6 ਸਾਲਾਂ ਦੇ ਅੰਦਰ-ਅੰਦਰ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਨੇ ਭਾਜਪਾ ਤੇ ਕਾਂਗਰਸ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਨਤੀਜੇ ਵਜੋਂ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਤੇ ਐਮਸੀਡੀ ਉਪ ਚੋਣਾਂ ਵਿਚ ਭਾਜਪਾ ਨੂੰ ‘ਜ਼ੀਰੋ’ ਸੀਟਾਂ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹਿਸੂਸ ਕੀਤਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਥੇ ਨਹੀਂ ਜਾਣਗੇ ਪਰ ਸਿਸੋਦੀਆ ਉਥੇ ਗਏ ਤੇ ਉਨ੍ਹਾਂ ਦੇ ਮੰਤਰੀ ਮੈਦਾਨ ਛੱਡ ਕੇ ਭੱਜ ਗਏ। ਉਹ ਨਾ ਤਾਂ ਬਹਿਸ ਕਰਨ ਆਇਆ ਤੇ ਨਾ ਹੀ ਸਕੂਲ ਦਿਖਾਉਣ ਆਇਆ। 70 ਸਾਲਾਂ ਦੇ ਅੰਦਰ, ਇਨ੍ਹਾਂ ਦੋਵਾਂ ਧਿਰਾਂ ਨੇ ਮਿਲ ਕੇ ਸਿੱਖਿਆ ਪ੍ਰਣਾਲੀ ਨੂੰ ਕਿਉਂ ਠੀਕ ਨਹੀਂ ਕੀਤਾ? ਅੱਜ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਇਨ੍ਹਾਂ ਦੋਵਾਂ ਧਿਰਾਂ ਨੇ ਮਿਲ ਕੇ ਜਾਣ-ਬੁੱਝ ਕੇ ਇਸ ਸਾਜ਼ਿਸ਼ ਤਹਿਤ ਇਸ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਜਾਣ ਬੁੱਝ ਕੇ ਇਸ ਦੇਸ਼ ਦੇ ਲੋਕਾਂ ਨੂੰ ਗਰੀਬ ਰੱਖਿਆ ਤੇ ਇਸ ਦੇਸ਼ ਦੇ ਬੱਚਿਆਂ ਨੂੰ ਅਨਪੜ੍ਹ ਰੱਖਿਆ, ਕਿਉਂਕਿ ਉਹ ਚਾਹੁੰਦੇ ਸਨ ਕਿ ਜੇ ਇਹ ਬੱਚੇ ਅਨਪੜ੍ਹ ਰਹਿਣਗੇ ਤਾਂ ਇਹ ਬੱਚੇ ਬੇਰੁਜ਼ਗਾਰ ਰਹਿਣਗੇ। ਜੇ ਇਹ ਬੱਚੇ ਅਨਪੜ੍ਹ ਰਹਿਣਗੇ, ਤਾਂ ਇਹ ਬੱਚੇ ਪਛੜੇ ਰਹਿਣਗੇ। ਜੇ ਇਹ ਬੱਚੇ ਅਨਪੜ੍ਹ ਰਹਿਣਗੇ, ਤਾਂ ਇਹ ਬੱਚੇ ਗਰੀਬ ਰਹਿਣਗੇ ਤਾਂ ਜੋ ਅਮੀਰ ਆਪਣੀ ਫੈਕਟਰੀਆਂ ਅਤੇ ਆਪਣੇ ਘਰਾਂ ਲਈ ਸਸਤੇ ਮਜ਼ਦੂਰ ਲੈ ਸਕਣ’’।