ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਪਰੈਲ
ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਘੰਟੇ ਦਾ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਐਕਸਪ੍ਰੈੱਸ ਵੇਅ ਬੰਦ ਅਮਨ ਨਾਲ ਖਤਮ ਹੋ ਗਿਆ। ਕਿਸਾਨਾਂ ਨੇ ਬੀਤੀ ਰਾਤ ਹੀ ਇਨ੍ਹਾਂ ਦੋਨਾਂ ਐਕਸਪ੍ਰੈੱਸ ਵੇਅ ’ਤੇ ਆਉਂਦੇ ਟੌਲ ਪਲਾਜ਼ਿਆਂ ’ਤੇ ਆਪਣੇ ਡੇਰੇ ਜਮਾ ਲਏ ਸਨ, ਜਿੱਥੇ ਉਨ੍ਹਾਂ ਨੇ ਪੂਰੀ ਰਾਤ ਗੁਜ਼ਾਰੀ। ਕਿਸਾਨ ਯੂਨੀਅਨਾਂ ਨੇ ਕਿਸਾਨਾਂ ਦੇ ਟੌਲ ਪਲਾਜ਼ਿਆਂ ’ਤੇ ਰਾਤ ਕੱਟਣ ਲਈ ਪ੍ਰਬੰਧ ਵੀ ਕੀਤੇ ਹੋਏ ਸਨ। ਕੁੰਡਲੀ ਦੇ ਮੁੱਖ ਚੌਕ ’ਚੋਂ ਕਿਸਾਨਾਂ ਨੇ ਅੱਜ ਆਪਣੀਆਂ ਗੱਡੀਆਂ ਹਟਾ ਲਈਆਂ ਤੇ ਦਰੀਆਂ ਵੀ ਚੁੱਕ ਲਈਆਂ। ਇਸੇ ਤਰ੍ਹਾਂ ਡਸਨਾ ਤੇ ਟਿਕਰੀ ਬਹਾਦਰਗੜ੍ਹ ਨੇੜਲੇ ਪੁਆਇੰਟ ’ਤੇ ਵੀ ਸਵੇਰੇ 8 ਵਜੇ ਆਵਾਜਾਈ ਆਮ ਵਾਂਗ ਖੋਲ੍ਹ ਦਿੱਤੀ ਗਈ। ਡਸਨਾ ਵਿੱਚ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਤੇ ਸਵੇਰੇ ਐਕਸਪ੍ਰੈੱਸ ਵੇਅ ਆਮ ਵਾਂਗ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ।
ਬੁਰਜਗਿੱਲ ਵੱਲੋਂ ਤੋਮਰ ਦੇ ਸੱਦੇ ਦੀ ਨਿੰਦਾ
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਨੂੰ ਕਰੋਨਾ ਦਾ ਹਵਾਲਾ ਦੇ ਕੇ ਅੰਦੋਲਨ ਖਤਮ ਕਰਨ ਦੀ ਅਪੀਲ ’ਤੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਰੋਨਾ ਨੂੰ ਲੈ ਕੇ ਲੋਕਾਂ ਦੀ ਸਿਹਤ ਪ੍ਰਤੀ ਐਨੀ ਹੀ ਫਿਕਰਮੰਦ ਹੈ ਤਾਂ ਕਰੋਨਾ ਮੌਕੇ ਹੀ ਕਾਲੇ-ਕਾਨੂੰਨ ਕਿਉਂ ਲਿਆਂਦੇ ਗਏ? ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਜ਼ਿੰਦਗੀ-ਮੌਤ ਦਾ ਸਵਾਲ ਸਮਝਦੇ ਹਨ ਅਤੇ ਮੋਰਚਿਆਂ ’ਤੇ ਡਟੇ ਹੋਏ ਹਨ। ਬੁਰਜਗਿੱਲ ਨੇ ਕਿਹਾ, ‘ਸਰਕਾਰ ਕਾਨੂੰਨ ਰੱਦ ਕਰ ਦੇਵੇ ਅਤੇ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੀ ਗਾਰੰਟੀ ਲਈ ਕਾਨੂੰਨ ਬਣਾ ਦੇਵੇ, ਸਾਰੇ ਕਿਸਾਨ ਉਦੋਂ ਹੀ ਘਰਾਂ ਨੂੰ ਚਲੇ ਜਾਣਗੇ।’