ਐਤਵਾਰ ਵਾਲੇ ਦਿਨ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਹੋਈ ਹਿੰਦੂ ਮਹਾਪੰਚਾਇਤ ਵਿਚ ਫਿਰ ਨਫ਼ਰਤ ਭਰੇ ਭਾਸ਼ਨ ਦਿੱਤੇ ਗਏ। ਭਾਸ਼ਨ ਦੇਣ ਵਾਲਿਆਂ ਵਿਚੋਂ ਦਸਨਾ ਦੇਵੀ ਮੰਦਿਰ ਦਾ ਮੁੱਖ ਪੁਜਾਰੀ ਯਤੀ ਨਰਸਿੰਘਨੰਦ ਪ੍ਰਮੁੱਖ ਸੀ। ਪੁਲੀਸ ਨੇ ਯਤੀ ਸਮੇਤ ਕਈ ਲੋਕਾਂ ਖ਼ਿਲਾਫ਼ ਧਾਰਾ 153 ਏ (ਵੱਖ-ਵੱਖ ਧਰਮਾਂ, ਨਸਲਾਂ, ਭਾਸ਼ਾਵਾਂ, ਰਿਹਾਇਸ਼ ਜਾਂ ਜਨਮ ਸਥਾਨ ਦੇ ਆਧਾਰ ਉੱਤੇ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਯਤੀ ਨਰਸਿੰਘਨੰਦ ਨੇ ਪਹਿਲੀ ਵਾਰ ਅਜਿਹਾ ਭਾਸ਼ਣ ਨਹੀਂ ਦਿੱਤਾ ਬਲਕਿ ਇਸ ਤੋਂ ਪਹਿਲਾਂ ਦਸੰਬਰ 2021 ਵਿਚ ਹਰਿਦੁਆਰ ਵਿਖੇ ਹੋਈ ਧਰਮ ਸੰਸਦ ਦੌਰਾਨ ਵੀ ਅਜਿਹੇ ਨਫ਼ਰਤੀ ਭਾਸ਼ਨ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਸੀ ਅਤੇ ਕਈ ਹਫ਼ਤੇ ਜੇਲ੍ਹ ਵਿਚ ਰਹਿਣ ਪਿੱਛੋਂ ਉਹ ਜ਼ਮਾਨਤ ਉੱਤੇ ਬਾਹਰ ਹੈ। ਪੁਲੀਸ ਦਾ ਇਹ ਵੀ ਕਹਿਣਾ ਹੈ ਕਿ ਬੁਰਾੜੀ ਵਿਖੇ ਇਹ ਪੰਚਾਇਤ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਪਰ ਪ੍ਰਬੰਧਕਾਂ ਨੇ ਜ਼ਬਰਦਸਤੀ ਇਸ ਦਾ ਪ੍ਰਬੰਧ ਕੀਤਾ। ਦੋ ਐਫਆਈਆਰਾਂ ਪੱਤਰਕਾਰਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ਉੱਤੇ ਦਰਜ ਹੋਈਆਂ ਹਨ ਕਿ ਮਹਾਪੰਚਾਇਤ ਮੌਕੇ ਕਈ ਲੋਕਾਂ ਨੇ ਪੱਤਰਕਾਰਾਂ ਨੂੰ ਉਨ੍ਹਾਂ ਦੀ ਡਿਊਟੀ ਕਰਨ ਤੋਂ ਰੋਕਿਆ, ਧੱਕੇ ਮਾਰੇ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਕਈ ਲੋਕ ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰਖ਼ੀਆਂ ਵਿਚ ਰਹਿਣ ਦੀ ਰਣਨੀਤੀ ਉੱਤੇ ਚੱਲਦੇ ਹਨ। ਇਕਾ-ਦੁੱਕਾ ਲੋਕਾਂ ਵੱਲੋਂ ਅਜਿਹੀਆਂ ਫ਼ਿਰਕੂ ਅਤੇ ਵਿਵਾਦਤ ਟਿੱਪਣੀਆਂ ਦਾ ਨੋਟਿਸ ਵੀ ਘੱਟ ਲਿਆ ਜਾਂਦਾ ਹੈ ਪਰ ਜਦੋਂ ਅਜਿਹੇ ਨਫ਼ਰਤ ਭਰੇ ਭਾਸ਼ਨ ਜਾਂ ਲਿਖਤਾਂ ਰੁਝਾਨ ਬਣ ਜਾਣ ਅਤੇ ਸੱਤਾਧਾਰੀ ਧਿਰ ਉਸ ਨੂੰ ਉਤਸ਼ਾਹਿਤ ਕਰੇ ਤਾਂ ਇਹ ਚਿੰਤਾ ਅਤੇ ਚਿੰਤਨ ਦਾ ਮੁੱਦਾ ਬਣਨਾ ਸੁਭਾਵਿਕ ਹੈ। ਭਾਜਪਾ ਦੇ ਕੇਂਦਰੀ ਸੱਤਾ ਵਿਚ ਆਉਣ ਤੋਂ ਬਾਅਦ ਕਈ ਸੰਸਦ ਮੈਂਬਰਾਂ, ਪਾਰਟੀ ਦੇ ਅਹੁਦੇਦਾਰਾਂ ਜਾਂ ਇਸ ਨਾਲ ਜੁੜੇ ਹੋਰਾਂ ਸੰਗਠਨਾਂ ਦੇ ਆਗੂਆਂ ਨੇ ਸਮੇਂ-ਸਮੇਂ ਵਿਵਾਦਤ ਬਿਆਨ ਦਿੱਤੇ ਹਨ। ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਉਨ੍ਹਾਂ ਦੇ ਨਿਸ਼ਾਨੇ ਉੱਤੇ ਰਹਿੰਦੀ ਹੈ। ਲਬਿਾਸ ਪਹਿਨਣ, ਖਾਣ-ਪਾਣ ਅਤੇ ਕਈ ਹੋਰ ਤਰ੍ਹਾਂ ਦੇ ਮੁੱਦਿਆਂ ਰਾਹੀਂ ਭਾਈਚਾਰਕ ਪਾੜਾ ਪਾਉਣ ਦਾ ਯਤਨ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਦੀ ਅਵੱਗਿਆ ਹੈ। ਧਰਮ ਨੂੰ ਸਿਆਸੀ ਮਕਸਦਾਂ ਲਈ ਵਰਤਣਾ ਇਕ ਜ਼ਹਿਰੀਲਾ ਮਾਹੌਲ ਤਿਆਰ ਕਰਦਾ ਹੈ।
ਭਾਜਪਾ ਦੀ ਕੇਂਦਰੀ ਸੱਤਾ ਉੱਤੇ ਲਗਾਤਾਰ ਦੂਸਰੀ ਪਾਰੀ ਹੈ। ਸਰਕਾਰ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਇਸ ਦੀ ਮੂਲ ਭਾਵਨਾ ਮੁਤਾਬਿਕ ਕੰਮ ਕਰਨ ਲਈ ਪ੍ਰਤੀਬੱਧ ਹੈ। ਦੇਸ਼ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਨੂੰ ਆਪਣੇ ਬੁਨਿਆਦੀ ਅਸੂਲਾਂ ਵਜੋਂ ਪ੍ਰਵਾਨ ਕਰਦਾ ਹੈ। ਅਜਿਹੇ ਮੌਕੇ ਸਥਾਪਤੀ ਵੱਲੋਂ ਆਪਣੇ ਵਿਚਾਰਧਾਰਕ ਖੇਮੇ ਵਾਲੇ ਲੋਕਾਂ ਨੂੰ ਖੁੱਲ੍ਹੀ ਛੁੱਟੀ ਦੇਣੀ ਜਾਂ ਉਨ੍ਹਾਂ ਦੀਆਂ ਨਫ਼ਰਤ ਫੈਲਾਉਣ ਵਾਲੀਆਂ ਹਰਕਤਾਂ ਖ਼ਿਲਾਫ਼ ਠੋਕਵਾਂ ਸਟੈਂਡ ਨਾ ਲੈਣਾ ਇਹ ਸੰਕੇਤ ਕਰਦਾ ਹੈ ਕਿ ਕੁਝ ਵਿਅਕਤੀਆਂ ਨੂੰ ਸੰਵਿਧਾਨ ਤੇ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾ ਮਨਮਰਜ਼ੀ ਕਰਨ ਲਈ ਉਕਸਾਇਆ ਜਾ ਰਿਹਾ ਹੈ। ਸਾਡੇ ਦੇਸ਼ ਦੀ ਵੰਨ-ਸੁਵੰਨਤਾ ਹੀ ਸਾਡੇ ਸਮਾਜ ਦੀ ਸਹੀ ਤਰਜ਼ਮਾਨੀ ਕਰਦੀ ਹੈ। ਵੰਨ-ਸੁਵੰਨਤਾ ਵਿੱਚ ਵੱਖ-ਵੱਖ ਵਿਚਾਰਾਂ, ਧਰਮਾਂ, ਨਸਲਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀ ਸਹਿਹੋਂਦ ਨਿਹਿਤ ਹੈ। ਇਕ ਦੂਸਰੇ ਦੀ ਕਦਰ ਕਰਨਾ ਇਨਸਾਨੀ ਅਤੇ ਸੰਵਿਧਾਨਕ ਫ਼ਰਜ਼ ਹੈ। ਯਤੀ ਨਰਸਿੰਘਨੰਦ ਅਤੇ ਉਨ੍ਹਾਂ ਵਰਗੇ ਹੋਰਨਾਂ ਖ਼ਿਲਾਫ਼ ਕਾਨੂੰਨੀ ਅਤੇ ਵਿਚਾਰਧਾਰਕ ਦੋਵਾਂ ਤਰੀਕਿਆਂ ਨਾਲ ਸਪੱਸ਼ਟ ਤੌਰ ਉੱਤੇ ਕਦਮ ਉਠਾਉਣ ਦੀ ਲੋੜ ਹੈ।