ਰਾਕੇਸ਼ ਸੈਣੀ
ਨੰਗਲ 7 ਮਈ
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੰਟਰੋਲ ਕਮਿਸ਼ਨ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਛੋਟੇਵਾਲ ਵਿੱਚ ਕੀਤਾ ਗਿਆ। ਸਮਾਗਮ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਡਾਕਟਰ ਜੋਗਿੰਦਰ ਦਿਆਲ ਨੇ ਆਪਣਾ ਸਮੁੱਚਾ ਜੀਵਨ ਲੋਕ ਲਹਿਰਾਂ ਦੇ ਲੇਖੇ ਲਾ ਦਿੱਤਾ। ਦੱਸਣਯੋਗ ਹੈ ਕਿ ਡਾ. ਦਿਆਲ 29 ਅਪਰੈਲ ਨੂੰ ਚੰਡੀਗੜ੍ਹ ਵਿੱਚ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੂਬਾ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸੀਪੀਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ , ਆਰਐਮਪੀ ਆਗੂ ਮੋਹਨ ਸਿੰਘ ਧਮਾਣਾ, ਹਿਮਾਚਲ ਪ੍ਰਦੇਸ਼ ਸੀ ਪੀ ਆਈ ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਵਿਜੇ ਸ਼ਰਮਾ, ਅਕਾਲੀ ਆਗੂ ਕੁਲਦੀਪ ਸਿੰਘ ਭਾਗੋਵਾਲ, ਦੰਵਿੰਦਰ ਨੰਗਲੀ, ਸੁਰਜੀਤ ਢੇਰ ਆਦਿ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੌਮੀ ਆਗੂਆਂ ਵੱਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹੇ ਗਏ।