ਸੁਰਿੰਦਰ ਸਿੰਘ ਤੇਜ
ਵਣ ਜੀਵਨ ਉਤੇ ਕੇਂਦਰਿਤ ਇਕ ਟੀ.ਵੀ. ਚੈਨਲ ਵੱਲੋਂ ਗੁਜਰਾਤ ਦੇ ਗਿਰ ਖੇਤਰ ਨਾਲ ਸੰਬੰਧਤ ਇਕ ਦਸਤਾਵੇਜ਼ੀ ਦੇ ਟੋਟੇ ਅਕਸਰ ਦਿਖਾਏ ਜਾਂਦੇ ਹਨ। ਇਹ ਦਸਤਾਵੇਜ਼ੀ, ਸਾਸਨ ਗਿਰ ਜ਼ਿਲ੍ਹੇ ’ਚ ਵਸਦੇ ਏਸ਼ਿਆਈ ਬੱਬਰ ਸ਼ੇਰਾਂ ਅਤੇ ਮੁਕਾਮੀ ਲੋਕਾਂ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਹੈ। ਇਕ ਦ੍ਰਿਸ਼ ਖ਼ਾਸ ਤੌਰ ’ਤੇ ਧਿਆਨ ਖਿੱਚਦਾ ਹੈ। ਇਕ ਨਦੀ ਦੇ ਅੰਦਰ ਪੱਥਰਾਂ ਦੀ ਮਦਦ ਨਾਲ ਬਣਾਏ ਕਾਜ਼ਵੇਅਨੁਮਾ ਲਾਂਘੇ ਰਾਹੀਂ ਸ਼ੇਰਨੀ ਨਦੀ ਪਾਰ ਕਰ ਰਹੀ ਹੈ। ਦੂਜੇ ਸਿਰੇ ’ਤੇ ਦੋ ਮੋਟਰਸਾਈਕਲ ਸਵਾਰ ਆ ਪੁੱਜਦੇ ਹਨ। ਉਹ ਘਬਰਾਉਂਦੇ ਨਹੀਂ। ਸਿਰੇ ਦੇ ਨੇੜੇ ਰੁਕ ਜਾਂਦੇ ਹਨ, ਸ਼ੇਰਨੀ ਨੂੰ ਲਾਂਘਾ ਦੇਣ ਲਈ। ਉਹ ਚੁੱਪ-ਚੁਪੀਤਿਆਂ ਉਨ੍ਹਾਂ ਦੇ ਕੋਲੋਂ ਗੁਜ਼ਰ ਜਾਂਦੀ ਹੈ। ਨਾ ਉਹ ਓਪਰਾਪਣ ਦਿਖਾਉਂਦੀ ਹੈ, ਨਾ ਉਹ ਬੰਦੇ। ਸਭ ਕੁਝ ਬੜੇ ਸਹਿਜ-ਭਾਅ ਵਾਪਰਦਾ ਹੈ। ਸੁਨੇਹਾ ਵਣ-ਜੀਵਾਂ ਤੇ ਇਨਸਾਨਾਂ ਦਰਮਿਆਨ ਸਹਿ-ਹੋਂਦ ਦਾ ਜਜ਼ਬਾ ਵਿਕਸਿਤ ਕਰਨ ਵਾਲਾ ਹੈ। ਗਿਰ ਇਲਾਕੇ ਵਿਚ ਇਹ ਜਜ਼ਬਾ ਵਿਕਸਿਤ ਕਰਦਿਆਂ ਪੰਜ ਦਹਾਕਿਆਂ ਤੋਂ ਵੱਧ ਸਮਾਂ ਲੱਗਿਆ। ਅੱਜ ਗਿਰ ਨੈਸ਼ਨਲ ਪਾਰਕ ਵਿਚ ਸ਼ੇਰਾਂ ਦੀ ਵਸੋਂ, ਪੰਜ ਦਹਾਕੇ ਪਹਿਲਾਂ ਦੀ ਗਿਣਤੀ ਨਾਲੋਂ ਚੌਗੁਣੀ ਤੋਂ ਵੀ ਵੱਧ ਹੈ। ਦੂਜੇ ਪਾਸੇ, ਇਸੇ ਰੱਖ ਦੇ ਅੰਦਰ ਇਨਸਾਨਾਂ ਦੀ ਗਿਣਤੀ ਜੇ ਵਧੀ ਨਹੀਂ ਤਾਂ ਘਟੀ ਵੀ ਨਹੀਂ। ਰੱਖ ਦੇ ਅੰਦਰੋਂ ਪਸ਼ੂ-ਪਾਲਕਾਂ ਤੇ ਚਰਵਾਹਿਆਂ (ਮਾਲਧਾਰੀਆਂ) ਦੀਆਂ ਕੁਝ ਬਸਤੀਆਂ ਹਟਾਈਆਂ ਜ਼ਰੂਰ ਗਈਆਂ, ਸ਼ੇਰਾਂ ਨੂੰ ਵੱਧ ਜਗ੍ਹਾ ਪ੍ਰਦਾਨ ਕਰਨ ਲਈ; ਪਰ ਅੱਧੀਆਂ ਤੋਂ ਵੱਧ ਪਹਿਲਾਂ ਵਾਂਗ ਮੌਜੂਦ ਰਹੀਆਂ। ਸ਼ੇਰ ਉਨ੍ਹਾਂ ਅੰਦਰ ਆ ਵੀ ਜਾਂਦੇ ਹਨ, ਪਰ ਆਦਮਖੋਰੀ ਦੇ ਮਾਮਲੇ ਨਾਂ-ਮਾਤਰ ਹੀ ਵਾਪਰੇ ਹਨ। ਮਨੁੱਖਾਂ ਤੇ ਵਣ-ਪ੍ਰਾਣੀਆਂ ਨੇ ਇਕ-ਦੂਜੇ ਦੀਆਂ ਸੀਮਾਵਾਂ ਦਾ ਆਦਰ ਕਰਨਾ ਸਿੱਖ ਲਿਆ; ਇਸ ਤੋਂ ਆਪਸੀ ਇਤਬਾਰ ਵੀ ਵਿਕਸਿਤ ਹੋ ਗਿਆ ਹੈ।
ਸਹਿ-ਹੋਂਦ ਦੀ ਅਜਿਹੀ ਮਿਸਾਲ ਦੇ ਬਾਵਜੂਦ ਸਾਡੇ ਹੀ ਮੁਲਕ ਅੰਦਰ ਵਣ ਜੀਵਾਂ ਦੀਆਂ ਬਹੁਤੀਆਂ ਪ੍ਰਜਾਤੀਆਂ ਪ੍ਰਤੀ ਸਾਡਾ ਵਤੀਰਾ ਸਨੇਹ ਤੇ ਸੂਝ-ਬੂਝ ਵਾਲਾ ਨਹੀਂ। ਬਾਘ (ਟਾਈਗਰ) ਜਾਂ ਬਘੀਰੇ (ਤੇਂਦੁਏ) ਇਸ ਵਤੀਰੇ ਦੀ ਮਿਸਾਲ ਹਨ। ਜਿਸ ਇਨਸਾਨੀ ਆਬਾਦੀ ਵਿਚ ਉਹ ਦਿਸ ਜਾਣ, ਉੱਥੇ ਹਾਹਾਕਾਰ ਮੱਚ ਜਾਂਦੀ ਹੈ। ਉਹ ਮਾਰਦੇ ਕਿਸੇ ਕੁੱਤੇ ਜਾਂ ਵੱਛੇ ਨੂੰ ਹਨ, ਉਨ੍ਹਾਂ ਉਪਰ ਠੱਪਾ ਆਦਮਖੋ਼ਰੀ ਦਾ ਲੱਗ ਜਾਂਦਾ ਹੈ। ਉਨ੍ਹਾਂ ਦਾ ਇਨਸਾਨ ਨੂੰ ਦਿਸਣਾ ਹੀ ਬਹੁਤੀ ਵਾਰ ਉਨ੍ਹਾਂ ਦੀ ਮੌਤ ਦੀ ਵਜ੍ਹਾ ਬਣ ਜਾਂਦਾ ਹੈ। ਵਣ-ਜੀਵਨ ਪ੍ਰੇਮੀ ਨੇਹਾ ਸ਼ਰਮਾ ਦੀ ਕਿਤਾਬ ‘ਵਾਈਲਡ ਐਂਡ ਵਿਲਫੁਲ’ (ਜੰਗਲੀ ਤੇ ਆਪਮੱਤੇ; ਹਾਰਪਰ ਕੋਲਿਨਜ਼; 232 ਪੰਨੇ; 599 ਰੁਪਏ) ਇਨ੍ਹਾਂ ਵਣ ਜੀਵਾਂ ਦੀ ਵਿਅਥਾ-ਕਥਾ ਸੰਵੇਦਨਸ਼ੀਲ ਤੇ ਯਥਾਰਥਕ ਲਹਿਜੇ ਨਾਲ ਪੇਸ਼ ਕਰਦੀ ਹੈ। ਬੜੀ ਜਾਨਦਾਰ ਹੈ ਇਹ ਕਿਤਾਬ; ਜਾਣਕਾਰੀ ਪੱਖੋਂ ਵੀ ਤੇ ਰੌਚਿਕਤਾ ਪੱਖੋਂ ਵੀ। ਵਣ ਜੀਵਾਂ ਦੇ ਇਤਿਹਾਸ, ਸੁਭਾਅ ਤੇ ਆਦਤਾਂ ਨੂੰ ਸਾਡੇ ਸਮਾਜ-ਵਿਗਿਆਨਕ, ਸਿਆਸੀ ਤੇ ਅਰਥ-ਵਿਗਿਆਨਕ ਨਜ਼ਰੀਏ ਤੋਂ ਘੋਖਣ ਵਾਲੀ। ਉਹ ਵੀ ਕਾਵਿਕ ਤੇ ਕਲਾਤਮਿਕ ਲਹਿਜੇ ਨਾਲ।
ਬਾਂਬੇ ਨੇਚੁਰਲ ਹਿਸਟਰੀ ਸੁਸਾਇਟੀ ਨਾਲ ਜੁੜੀ ਨੇਹਾ ਸ਼ਰਮਾ ਨੇ ਕਿਤਾਬ ਵਿਚ 15 ਜੀਵ ਨਸਲਾਂ ਨਾਲ ਸਬੰਧਤ 11 ਨਬਿੰਧ ਸ਼ਾਮਲ ਕੀਤੇ ਹਨ। ਇਹ ਨਸਲਾਂ ਸਿਰਫ਼ ਧਰਤ ’ਤੇ ਵਿਚਰਨ ਵਾਲਿਆਂ ਦੀਆਂ ਨਹੀਂ। ਜਲ ਤੇ ਆਕਾਸ਼ ਵਿਚ ਰਹਿਣ ਵਾਲੇ ਕੁਝ ਜੀਵਾਂ ਤੋਂ ਇਲਾਵਾ ਸਾਡੀਆਂ ਮੁਲਕੀ ਹੱਦਾਂ ਰਾਹੀਂ ਪਰਵਾਸ ਕਰਨ ਵਾਲਿਆਂ ਨੂੰ ਵੀ ਇਨ੍ਹਾਂ ਮਜ਼ਮੂਨਾਂ ਵਿਚ ਥਾਂ ਮਿਲੀ ਹੈ। ਬਾਘਾਂ, ਬਘੀਰਿਆਂ, ਰੀਸਸ ਮੈਕਾਕ ਬੰਦਰਾਂ, ਏਸ਼ਿਆਈ ਜੰਗਲੀ ਹਾਥੀਆਂ, ਫ਼ਨੀਅਰ ਸੱਪਾਂ, ਨੇਤਰਹੀਣ ਗੰਗਈ ਡੌਲਫਿਨਾਂ, ਭਾਰਤੀ ਮਗਰਮੱਛਾਂ, ਬਾਘਿਨ ਤਿਤਲੀਆਂ (ਟਾਈਗਰ ਬਟਰਫਲਾਈਜ਼) ਤੇ ਐਮੁਰ ਸ਼ਿਕਰਿਆਂ ਦੇ ਕਸ਼ਟਾਂ-ਤਕਲੀਫ਼ਾਂ ਨੂੰ ਪੂਰੀ ਸ਼ਿੱਦਤ ਨਾਲ ਪਾਠਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਵਿਕਾਸ ਦੇ ਜਿਹੜੇ ਪੈਮਾਨੇ ਇਨਸਾਨ ਨੇ ਚੁਣੇ ਹਨ, ਉਹ ਸਾਧਾਰਨ ਤੋਂ ਸਾਧਾਰਨ ਗ਼ੈਰ-ਇਨਸਾਨੀ ਜੀਵਾਂ ਉੱਤੇ ਕਿਹੜਾ ਕਿਹੜਾ ਕਹਿਰ ਢਾਹ ਰਹੇ ਹਨ, ਉਨ੍ਹਾਂ ਦਾ ਖ਼ੁਲਾਸਾ ਵੀ ਦਰਜ ਹੈ ਇਸ ਕਿਤਾਬ ਵਿਚ। ਕੌਮੀ ਸ਼ਾਹਰਾਹ ਤੇ ਰੇਲ ਰੂਟ, ਨੈਸ਼ਨਲ ਪਾਰਕਾਂ ਵਿਚੋਂ ਲੰਘ ਰਹੇ ਹਨ; ਤਿਤਲੀਆਂ ਤੇ ਪੰਛੀਆਂ ਦੇ ਪਰਵਾਸ ਵਾਲੇ ਰੂਟਾਂ ’ਤੇ ਸਨਅਤੀ ਪਾਰਕ ਤੇ ਬਹੁਮੰਜ਼ਲਾ ਰਿਹਾਇਸ਼ੀ ਕੰਪਲੈਕਸ ਸਥਾਪਤ ਹੋ ਗਏ ਹਨ। ਦਾਅਵੇ ਇਨ੍ਹਾਂ ਦੇ ਸਬਜ਼ (ਗ੍ਰੀਨ) ਹੋਣ ਦੇ ਕੀਤੇ ਜਾ ਰਹੇ ਹਨ, ਅਸਲੀਅਤ ਵਿਚ ਵਣ-ਪ੍ਰਾਣੀਆਂ ਦੀ ਜਾਨ ਪੈਰ ਪੈਰ ’ਤੇ ਜੋਖੋਂ ਵਿਚ ਪਾਈ ਜਾ ਰਹੀ ਹੈ। ਇਹੀ ਕਾਰਨ ਹੈ ਕਿ ਵਣ ਪ੍ਰਾਣੀਆਂ ਤੇ ਮਨੁੱਖਾਂ ਦਰਮਿਆਨ ਇਤਬਾਰ ਵਾਲਾ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ। ਜਿੱਥੇ ਕਿਤੇ ਇਤਬਾਰ ਹੈ, ਉੱਥੇ ਵਣ-ਜੀਵਨ ਵੀ ਫਲ-ਫੁਲ ਰਿਹਾ ਹੈ; ਉਹ ਵੀ ਸਰਕਾਰੀ ਅਲਗਰਜ਼ੀ ਤੇ ਨਾਅਹਿਲੀਅਤ ਦੇ ਬਾਵਜੂਦ। ਕਿਤਾਬ ਵਿਚ ਉੱਤਰਾਖੰਡ ਦੇ ਰਾਮਨਗਰ ਇਲਾਕੇ ਦੀ ਕਹਾਣੀ ਮੌਜੂਦ ਹੈ। ਇਹ ਜਿਮ ਕੌਰਬੈੱਟ ਨੈਸ਼ਨਲ ਪਾਰਕ ਦੀ ਹੱਦ ਦੇ ਨਾਲ ਪੈਂਦਾ ਹੈ। ਇਸ ਪਾਰਕ ਵਿਚ ਬਾਘਾਂ ਦੀ ਗਿਣਤੀ ਉਨ੍ਹਾਂ ਦੇ ਰਹਿਣ-ਵਿਚਰਨ ਲਈ ਲੋੜੀਂਦੇ ਰਕਬੇ ਦੀ ਬਨਿਸਬਤ ਬਹੁਤ ਵੱਧ ਹੈ। ਲਿਹਾਜ਼ਾ, ਕਮਜ਼ੋਰ ਨਰ ਤੇ ਮਾਦਾਵਾਂ, ਕੌਮੀ ਪਾਰਕ ਦੀਆਂ ਹੱਦਾਂ ਤੋਂ ਬਾਹਰ ਜਾਣ ਅਤੇ ਉੱਥੇ ਹੀ ਆਪਣਾ ਗੁਜ਼ਾਰਾ ਚਲਾਉਣ ਲਈ ਮਜਬੂਰ ਹਨ। ਇਹੋ ਮਜਬੂਰੀ ਮਨੁੱਖਾਂ ਨਾਲ ਟਕਰਾਅ ਨੂੰ ਜਨਮ ਦਿੰਦੀ ਹੈ। ਰਾਮਨਗਰ ਵਿਚ ਕਮਾਦ ਦੀ ਕਾਸ਼ਤ ਬਹੁਤ ਹੁੰਦੀ ਹੈ। ਉੱਥੋਂ ਦੇ ਕਾਸ਼ਤਕਾਰਾਂ ਨੇ ਬਾਘਾਂ, ਖ਼ਾਸ ਕਰਕੇ ਬੱਚਿਆਂ ਵਾਲੀਆਂ ਮਾਦਾਵਾਂ ਨਾਲ ਟਕਰਾਅ ਤੋਂ ਬਚਣ ਦਾ ਰਾਹ ਲੱਭ ਲਿਆ ਹੈ। ਉਹ ਕਿਆਰਿਆਂ ਦੀ ਵਾਢੀ ਇਸ ਤਰਤੀਬ ਨਾਲ ਕਰਦੇ ਹਨ ਕਿ ‘ਕਮਾਦੀ ਬਾਘਿਨਾਂ’ ਤੇ ਉਨ੍ਹਾਂ ਦੇ ਬੱਚਿਆਂ ਦੇ ਲੁਕਣ ਅਤੇ ਇਕ ਇਲਾਕੇ ਤੋਂ ਦੂਜੇ ਇਲਾਕੇ ਤਕ ਜਾਣ ਲਈ ਸੁਰੱਖਿਅਤ ਗਲਿਆਰਾ ਲਗਾਤਾਰ ਬਰਕਰਾਰ ਰਹੇ। ਇਨਸਾਨ ਵੱਲੋਂ ਦਿਖਾਈ ਥੋੜ੍ਹੀ ਜਹੀ ਸੰਵੇਦਨਾ ਬਾਘਾਂ ਲਈ ਨਿਆਮਤ ਸਾਬਤ ਹੁੰਦੀ ਆ ਰਹੀ ਹੈ।
ਇਹੋ ਜਹੀ ਸੰਵੇਦਨਾ ਨਾਗਾਲੈਂਡ ਦੇ ਡੇਢ ਦਰਜਨ ਪਿੰਡ ਵੀ ਦਿਖਾ ਰਹੇ ਹਨ। ਰੂਸ ਤੇ ਚੀਨ ਦੀ ਸਰਹੱਦ ਉੱਤੇ ਪੈਂਦੇ ਐਮੁਰ ਖ਼ਿੱਤੇ ਦੇ ਸ਼ਿਕਰੇ, ਸਰਦੀਆਂ ਵਿਚ ਦੱਖਣੀ ਅਫ਼ਰੀਕਾ ਵੱਲ ਆਪਣੇ ਪਰਵਾਸ ਦੌਰਾਨ ਇਨ੍ਹਾਂ ਪਿੰਡਾਂ ਵਿਚ ਕਈ ਕਈ ਦਿਨ ਠਹਿਰਦੇ ਸਨ। ਇਨ੍ਹਾਂ ਦਾ ਸ਼ਿਕਾਰ ਏਨਾ ਜ਼ਿਆਦਾ ਵਧ ਗਿਆ ਕਿ ਸ਼ਿਕਰੇ ਦਿਸਣੋਂ ਹੀ ਬੰਦ ਹੋ ਗਏ। ਇਸ ਤੋਂ ਹੋਈ ਬਦਨਾਮੀ ਨੇ ਪੰਚਾਇਤਾਂ ਤੇ ਕਬੀਲਿਆਂ ਨੂੰ ਐਮੁਰ ਸ਼ਿਕਰਿਆਂ ਦੇ ਸ਼ਿਕਾਰ ਉੱਤੇ ਮੁਕੰਮਲ ਰੋਕ ਦੇ ਰਾਹ ਪਾਇਆ। ਹੁਣ ਇਹ ਸ਼ਿਕਰੇ ਨਾਗਾ ਵਣ-ਜੀਵਨ ਦਾ ਸ਼ਿੰਗਾਰ ਮੰਨੇ ਜਾਂਦੇ ਹਨ।
ਕੁਦਰਤ ਤੇ ਇਸ ਦੀਆਂ ਨਿਆਮਤਾਂ ਨਾਲ ਮੋਹ ਦੀ ਮਿਸਾਲ ਹੈ ਨੇਹਾ ਸ਼ਰਮਾ ਦੀ ਲੇਖਣ-ਸ਼ੈਲੀ। ਨਾਲ ਹੀ ਇਹ ਉਮੀਦ ਜਗਾਉਣ ਵਾਲੀ ਕਿ ਡੁੱਲ੍ਹੇ ਬੇਰਾਂ ਵਿਚੋਂ ਅਜੇ ਵੀ ਕਈ ਕੁਝ ਸੁਆਦਲਾ ਸਹੇਜਿਆ ਜਾ ਸਕਦਾ ਹੈ।
* * *
ਸਿੰਘੂ ਤੇ ਟਿਕਰੀ ਬਾਰਡਰਾਂ ਵਾਲੇ ਮੋਰਚਿਆਂ ਨੇ ਪੰਜਾਬੀ ਸਾਕਾ-ਕਾਵਿ ਦਾ ਪੁਨਰ-ਜਾਗਰਣ ਸੰਭਵ ਬਣਾਇਆ ਹੈ। ਇਸੇ ਮਾਹੌਲ ਵਿਚ ਆਈ ਹੈ ਡਾ. ਲਾਭ ਸਿੰਘ ਖੀਵਾ ਦੀ ਨਵੀਂ ਕਿਤਾਬ ‘ਪੰਜਾਬੀ ਸਾਕਾ ਕਾਵਿ: ਪਾਠ ਅਤੇ ਚਿੰਤਨ’ (ਚੇਤਨਾ ਪ੍ਰਕਾਸ਼ਨ; 196 ਪੰਨੇ; 365 ਰੁਪਏ)। ਭਾਵੇਂ ਇਸ ਕਿਤਾਬ ਦਾ ਉਪਰੋਕਤ ਮੋਰਚਿਆਂ ਨਾਲ ਕੋਈ ਸਿੱਧਾ ਸਬੰਧ ਨਹੀਂ (ਇਹ ਬੁਨਿਆਦੀ ਤੌਰ ’ਤੇ ਅਕਾਦਮਿਕ ਸ਼ੋਧ ਤੇ ਸੁਹਜ ਉਤੇ ਕੇਂਦਰਿਤ ਹੈ), ਫਿਰ ਵੀ ਇਸ ਦੀ ਆਮਦ, ਸਮੇਂ ਤੇ ਹਾਲਾਤ ਦੇ ਪ੍ਰਸੰਗਿਕ ਹੋ ਨਿੱਬੜੀ ਹੈ। ਕਿਤਾਬ ਇਹ ਜਾਨਣ ਵਿਚ ਸਹਾਈ ਹੁੰਦੀ ਹੈ ਕਿ ਸਾਕਾ-ਕਾਵਿ ਤੇ ਪੰਜਾਬੀ ਮਾਨਸਿਕਤਾ ਦਰਮਿਆਨ ਰਿਸ਼ਤਾ ਕਿਉਂ ਗੂੜ੍ਹਾ ਹੈ।
ਕਿਤਾਬ ਦੀ ਭੂਮਿਕਾ ਵਿਚ ਡਾ. ਖੀਵਾ ਲਿਖਦੇ ਹਨ ਕਿ ਧਾਰਮਿਕ ਜਾਂ ਰਾਸ਼ਟਰੀ ਅੰਦੋਲਨਾਂ ਨਾਲ ਜੁੜੀਆਂ ‘‘ਸ਼ਹੀਦੀਆਂ ਅਤੇ ਬੀਰਤਾ ਭਰੇ ਕਾਰਨਾਮਿਆਂ ਦੀ ਪੰਜਾਬੀ ਅਵਚੇਤਨ ਉੱਤੇ ਅਮਿੱਟ ਛਾਪ ਹੈ। ਪੰਜਾਬੀ ਅਵਚੇਤਨ ਦੀ ਇਸ ਅਮਿੱਟ ਛਾਪ ਨੂੰ ਪੰਜਾਬੀ ਸਾਕਾ-ਕਾਵਿ ਨੇ ਮੂਰਤੀਮਾਨ ਕੀਤਾ ਹੈ।’’ ਇਨ੍ਹਾਂ ਸਤਰਾਂ ਅੰਦਰਲੇ ਖ਼ਿਆਲ ਦੇ ਵੱਖ ਵੱਖ ਆਯਾਮਾਂ ਦੀ ਵਿਆਖਿਆ, ਕਿਤਾਬ ਦੇ ਵੱਖ ਵੱਖ ਅਧਿਆਇਆਂ ਵਿਚ ਸਜੀਵਤਾ ਨਾਲ ਕੀਤੀ ਗਈ ਹੈ।
ਦੋ ਭਾਗ ਹਨ ਇਸ ਕਿਤਾਬ ਦੇ। ਪਹਿਲਾ ਭਾਗ ਸਾਕੇ ਦੀ ਪਰਿਭਾਸ਼ਾ, ਮਹੱਤਵ ਤੇ ਪਰਿਖੇਪ ਤੋਂ ਇਲਾਵਾ ਸਾਕਾ-ਕਾਵਿ ਦੇ ਉਦਗ਼ਮ ਤੇ ਵਿਕਾਸ ਦਾ ਇਤਿਹਾਸ ਪੇਸ਼ ਕਰਦਾ ਹੈ। ਦੂਜੇ ਭਾਗ ਵਿਚ ਸਾਕਾ-ਕਾਵਿ ਦੇ ਮੂਲ ਪਾਠ ਦੀਆਂ ਵੰਨਗੀਆਂ ਦਾ ਸੰਕਲਨ ਸ਼ਾਮਲ ਹੈ। ਆਮ ਪਾਠਕ ਲਈ ਨਾਯਾਬ ਤੋਹਫ਼ਾ ਹੈ ਇਹ ਸੰਕਲਨ।