ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਨਵੰਬਰ
ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ਨੂੰ ਇਕ ਵਰ੍ਹਾ ਮੁਕੰਮਲ ਹੋਣ ’ਤੇ ਅੱਜ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਜ਼ੋਰਦਾਰ ਮੁਜ਼ਾਹਰੇ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਨੂੰ ਆਪਣੀ ਜਿੱਤ ਕਰਾਰ ਦਿੰਦਿਆਂ ਸਰਕਾਰ ਨੂੰ ਬਾਕੀ ਮੰਗਾਂ ਮੰਨਣ ਲਈ ਵੀ ਕਿਹਾ। ਦੇਸ਼ ਵਿਆਪੀ ਪ੍ਰੋਗਰਾਮਾਂ ਵਿੱਚ ਮਜ਼ਦੂਰਾਂ, ਨੌਜਵਾਨਾਂ, ਔਰਤਾਂ ਅਤੇ ਆਮ ਨਾਗਰਿਕਾਂ ਦੇ ਨਾਲ ਕਿਸਾਨਾਂ ਨੇ ਆਪਣੇ ਇਤਿਹਾਸਕ ਸੰਘਰਸ਼ ਦਾ ਇੱਕ ਸਾਲ ਪੂਰਾ ਕੀਤਾ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਸ਼ਾਹਜਹਾਂਪੁਰ ਮੋਰਚਿਆਂ ਵਿੱਚ ਵੱਡੇ ਇਕੱਠ ਕੀਤੇ ਗਏ, ਜਿਨ੍ਹਾਂ ਵਿੱਚ ਵੱਖ ਵੱਖ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਜੋਸ਼ੋ-ਖਰੋਸ਼ ਨਾਲ ਮਨਾਈ। ਮੋਰਚੇ ਵਿੱਚ ਸ਼ਾਮਲ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਭਾਸ਼ਣਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕਣ ਅਤੇ ਕਿਸਾਨਾਂ ਦੇ ਭਵਿੱਖ ਨੂੰ ਇਨ੍ਹਾਂ ਘਰਾਣਿਆਂ ਦੇ ਰਹਿਮੋ-ਕਰਮ ਉਪਰ ਨਿਰਭਰ ਕਰਨ ਦੀ ਰਣਨੀਤੀ ਦੀ ਆਲੋਚਨਾ ਕੀਤੀ।
ਇਸ ਮੌਕੇ ਸਿੰਘੂ ਬਾਰਡਰ ’ਤੇ ਆਪਣੇ ਸੰਬੋਧਨ ’ਚ ਸਮਾਜਿਕ ਕਾਰਕੁਨ ਪੀ. ਸਾਈਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਤੱਕ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੈ ਅਤੇ ਕਿਸਾਨਾਂ ਨੇ ਇਹ ਅੰਦੋਲਨ ਵਧਾ ਕੇ ਸਭ ਦੀ ਖੁਸ਼ੀ ਪੰਜ ਗੁਣਾ ਕਰ ਦਿੱਤੀ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੰਦੋਲਨ ਦੇ ਸ਼ਾਂਤਮਈ ਰਹਿਣ ਦਾ ਨਤੀਜਾ ਹੈ ਕਿ ਸਰਕਾਰ ਨੂੰ ਝੁਕਣਾ ਪਿਆ। ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਕਿਸਾਨਾਂ ਦੇ ਏਕੇ ਨੇ ਸਰਕਾਰ ਨੂੰ ਆਪਣੀ ਤਾਕਤ ਦਿਖਾ ਦਿੱਤੀ ਹੈ। ਕਿਰਨਜੀਤ ਸਿੰਘ ਸੇਖੋਂ, ਕਮਲਜੀਤ ਸਿੰਘ ਪੰਨੂ, ਗੁਰਮੀਤ ਭੱਟੀਵਾਲ, ਹਰਮੀਤ ਸਿੰਘ ਕਾਦੀਆਂ, ਇੰਦਰਜੀਤ ਸਿੰਘ ਕੋਟਬੁੱਧਾ, ਹਰਿੰਦਰ ਸਿੰਘ ਟਾਂਡਾ ਨੇ ਵੀ ਆਪਣੇ ਭਾਸ਼ਣਾਂ ’ਚ ਅਮੀਰ ਕਾਰਪੋਰੇਟ ਘਰਾਣਿਆਂ ਨਾਲ ਔਖੇ ਹਾਲਾਤ ’ਚ ਟੱਕਰ ਲੈਣ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਸ਼ਿਵ ਕੁਮਾਰ ਕੱਕਾਜੀ ਨੇ ਕਿਹਾ ਕਿ ਪੰਜਾਬ ’ਚ ਅੰਦੋਲਨ ਸ਼ੁਰੂ ਹੋਣ ਮਗਰੋਂ 20 ਜੂਨ, 2020 ਨੂੰ ਐੱਮਐੱਸਪੀ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ। ਡਾ. ਦਰਸ਼ਨ ਪਾਲ ਨੇ ਅੰਦੋਲਨ ਦੀ ਸ਼ੁਰੂਆਤ ਅਤੇ ਮੌਜੂਦਾ ਪੜਾਅ ਤੱਕ ਪੁੱਜਣ ਦਾ ਵਰਨਣ ਕੀਤਾ। ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਨੂੰ ਲਲਕਾਰਦਿਆਂ ਕਿਹਾ ਕਿ ਉਹ ਐੱਮਐੱਸਪੀ ਸਮੇਤ ਬਾਕੀ ਮੰਗਾਂ ਵੀ ਤੁਰੰਤ ਮੰਨੇ। ਟਿਕਰੀ ਬਾਰਡਰ ’ਤੇ ਰਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਰਾਜਿੰਦਰ ਸਿੰਘ ਦੀਪਵਾਲਾ, ਬੋਘ ਸਿੰਘ ਮਾਨਸਾ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਸਮੇਤ ਹੋਰ ਆਗੂਆਂ ਨੇ ਕਿਸਾਨ ਅੰਦੋਲਨ ਦੇ ਇੱਕ ਸਾਲ ਦੇ ਸਫ਼ਰ ਦੀ ਵਧਾਈ ਦਿੱਤੀ ਅਤੇ ਬਾਕੀ ਮੰਗਾਂ ਤੱਕ ਅੰਦੋਲਨ ਬਾਰੇ ਭਲਕੇ 27 ਨਵੰਬਰ ਦੀ ਬੈਠਕ ਦੇ ਫ਼ੈਸਲਿਆਂ ਦਾ ਇੰਤਜ਼ਾਰ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਆਗੂਆਂ ਨੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਿਰੜ ਨੂੰ ਯਾਦ ਕੀਤਾ। ਇਸ ਮੋਰਚੇ ’ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਭਾਰੀ ਇਕੱਠ ਬੀਤੇ ਦਿਨ ਤੋਂ ਹੀ ਹੋ ਗਿਆ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੋਤਾਲਾ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਖੇਤੀ ਸੈਕਟਰ ’ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਲਈ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਪਹਿਲਾਂ ਛੇ ਮਹੀਨੇ ਪੰਜਾਬ ਵਿੱਚ ਸੰਘਰਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਨਵਰੀਤ ਸਿੰਘ ਡਿੱਬਡਬਿਾ, ਸੁਸ਼ੀਲ ਕਾਜਲਾ, ਲਖੀਮਪੁਰ ਖੀਰੀ ਦੇ ਸ਼ਹੀਦਾਂ ਸਮੇਤ 684 ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹੀਦੀਆਂ ਹੋਈਆਂ ਹਨ। ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਭਾਰਤ ਡਬਲਿਊਟੀਓ ਤੋਂ ਬਾਹਰ ਆਵੇ।
ਬਾਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਾਂਗੇ: ਉਗਰਾਹਾਂ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਿੱਲੀ ਮੋਰਚਿਆਂ ਦਾ ਇਕ ਵਰ੍ਹਾ ਪੂਰਾ ਹੋਣ ’ਤੇ ਟਿਕਰੀ ਬਾਰਡਰ ਦੇ ਪਕੌੜਾ ਚੌਕ ਵਿਚ ਰੈਲੀ ਕੀਤੀ ਗਈ। ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਮਗਰੋਂ ਜੇਤੂ ਅੰਦਾਜ਼ ’ਚ ਅੱਜ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪੰਡਾਲ ’ਚ ਪੁੱਜੇ। ਉਨ੍ਹਾਂ ਇਸ ਵੱਡੀ ਜਿੱਤ ਦਾ ਜਸ਼ਨ ਮਨਾਉਂਦਿਆਂ ਬਾਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਜਥੇਬੰਦੀ ਦੀ ਸੂਬਾ ਕਮੇਟੀ ਨੇ ਪੰਡਾਲ ਵਿੱਚ ਸਥਾਪਤ ਕੀਤੇ ਸਮਾਰਕ ਕੋਲ ਖੜ੍ਹੇ ਹੋ ਕੇ ਸ਼ਹੀਦਾਂ ਦੀ ਯਾਦ ਵਿੱਚ ਵੱਜੇ ਤਰਾਨੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਐਲਾਨ ਕੀਤਾ ਗਿਆ ਕਿ 29 ਨਵੰਬਰ ਨੂੰ ਦਿੱਲੀ ਮੋਰਚੇ ਅਤੇ ਪੰਜਾਬ ’ਚ ਚੱਲ ਰਹੇ ਮੋਰਚਿਆਂ ’ਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਜਾਣਗੇ। ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਕਿਸਾਨਾਂ ਦੀ ਵੱਡੀ ਇਤਿਹਾਸਕ ਜਿੱਤ ਹੈ ਅਤੇ ਇਹ ਜਿੱਤ ਦੇਸ਼ ਭਰ ਦੇ ਕਿਸਾਨਾਂ ਦੇ ਏਕੇ ਦੇ ਜ਼ੋਰ ਨਾਲ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਪਾਰਲੀਮੈਂਟ ਵਿੱਚ ਕਿਸਾਨਾਂ ਦੀ ਤਸੱਲੀ ਅਨੁਸਾਰ ਰੱਦ ਹੋਣ ਅਤੇ ਬਾਕੀ ਮੁੱਦਿਆਂ ਦੇ ਹੱਲ ਮਗਰੋਂ ਹੀ ਸੰਘਰਸ਼ ਖ਼ਤਮ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ। ਉਦੋਂ ਤਕ ਕਿਸਾਨ ਦਿੱਲੀ ਦੇ ਮੋਰਚਿਆਂ ’ਤੇ ਡਟੇ ਰਹਿਣਗੇ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਐੱਮਐੱਸਪੀ ’ਤੇ ਸਰਕਾਰੀ ਖ਼ਰੀਦ ਅਤੇ ਜਨਤਕ ਵੰਡ ਪ੍ਰਣਾਲੀ ਦੇ ਮੁੱਦੇ ਇਸ ਕਰਕੇ ਹੱਲ ਨਹੀਂ ਹੋ ਰਹੇ ਕਿਉਂਕਿ ਭਾਰਤੀ ਹਾਕਮ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ’ਤੇ ਫੁੱਲ ਚੜ੍ਹਾ ਰਹੇ ਹਨ।
ਐੱਮਐੱਸਪੀ ਕਾਨੂੰਨ ਕਿਸਾਨਾਂ ਦਾ ਅਧਿਕਾਰ : ਟਿਕੈਤ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਤਰਜਮਾਨ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਮੋਰਚੇ ’ਤੇ ਕਿਹਾ ਕਿ ਇਹ ਖੁਸ਼ੀ ਅਤੇ ਉਦਾਸੀ ਦੇ ਨਾਲ ਬੇਮਿਸਾਲ ਸੰਘਰਸ਼ ਦਾ ਸਾਲ ਰਿਹਾ ਹੈ। ‘ਅਸੀਂ ਲੜ ਰਹੇ ਹਾਂ ਅਤੇ ਜਿੱਤ ਰਹੇ ਹਾਂ। ਅਸੀਂ ਲੜਾਂਗੇ ਤੇ ਜਿੱਤਾਂਗੇ। ਐੱਮਐੱਸਪੀ ਕਾਨੂੰਨ ਕਿਸਾਨਾਂ ਦਾ ਅਧਿਕਾਰ ਹੈ।’ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਐੱਮਐੱਸਪੀ ਅਤੇ ਹੋਰ ਮੰਗਾਂ ਮੰਨਣ ਤੱਕ ਅੰਦੋਲਨ ਜਾਰੀ ਰਹੇਗਾ। ਬੀਕੇਯੂ ਦੇ ਬੁਲਾਰੇ ਸੌਰਭ ਉਪਾਧਿਆਏ ਨੇ ਕਿਹਾ ਕਿ ਕਿਸਾਨਾਂ ਨੇ 29 ਨਵੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਯੋਜਨਾ ਬਣਾਈ ਹੈ ਪਰ ਸੰਯੁਕਤ ਕਿਸਾਨ ਮੋਰਚਾ ਇਸ ਬਾਰੇ ਸ਼ਨਿਚਰਵਾਰ ਨੂੰ ਫੈਸਲਾ ਲਵੇਗਾ। ਉਪਾਧਿਆਏ ਨੇ ਕਿਹਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਿਸਾਨ ਸ਼ੁੱਕਰਵਾਰ ਸਵੇਰੇ ਸਰਹੱਦ ’ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਿਜਲੀ ਸੋਧ ਬਿੱਲ ਸਰਦ ਰੁੱਤ ਸੈਸ਼ਨ ਵਿੱਚ ਪਾਸ ਕਰਵਾਉਣ ਲਈ ਸੂਚੀਬੱਧ ਕਰ ਦਿੱਤਾ ਹੈ, ਇਸ ਲਈ ਕਿਸਾਨ ਇੱਕ ਹੋਰ ਲੰਮਾ ਸਫ਼ਰ ਤੈਅ ਕਰਨ ਦੀ ਤਿਆਰੀ ਕਰ ਰਹੇ ਹਨ।
ਕਿਸਾਨ ਘੋਲ ਵਿਲੱਖਣ ਗਾਥਾ: ਚੰਨੀ
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਟਵੀਟ ਕਰਕੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਅਹਿੰਸਕ ਸੰਘਰਸ਼ ਨਾ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਬਲਕਿ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਬਹਾਦਰੀ, ਸਬਰ ਅਤੇ ਦ੍ਰਿੜ੍ਹਤਾ ਦੀ ਵਿਲੱਖਣ ਗਾਥਾ ਹੈ। ਉਨ੍ਹਾਂ ਕਿਹਾ ਕਿ ਉਹ ਅੰਨਦਾਤੇ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ।
ਦਿੱਲੀ ਵਿਧਾਨ ਸਭਾ ਵੱਲੋਂ ਅੰਦੋਲਨ ਦੇ ਹੱਕ ’ਚ ਮਤਾ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਨੇ ਅੱਜ ਕਿਸਾਨ ਅੰਦੋਲਨ ਦੀ ਜਿੱਤ ਦੇ ਹੱਕ ’ਚ ਮਤਾ ਪਾਸ ਕਰ ਦਿੱਤਾ ਹੈ। ਸਪੀਕਰ ਰਾਮ ਨਿਵਾਸ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਗੋਪਾਲ ਰਾਏ ਨੇ ਕਿਸਾਨ ਅੰਦੋਲਨ ਦੀ ਜਿੱਤ ਸਬੰਧੀ ਮਤਾ ਸਦਨ ਵਿੱਚ ਰੱਖਿਆ ਜੋ ਬਹੁਮੱਤ ਨਾਲ ਪਾਸ ਕਰ ਦਿੱਤਾ ਗਿਆ।
ਦਿੱਲੀ ਵਿਧਾਨ ਸਭਾ ਵਿੱਚ ਸਦਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਜਿੱਤ ’ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਨੇ ਆਪਣੇ ਸੱਤਿਆਗ੍ਰਹਿ ਰਾਹੀਂ ਦਿਖਾ ਦਿੱਤਾ ਹੈ ਕਿ ਬੇਇਨਸਾਫ਼ੀ ਖ਼ਿਲਾਫ਼ ਸੱਚਾਈ ਤੇ ਮਜ਼ਬੂਤ ਇਰਾਦੇ ਨਾਲ ਲੜਾਈ ਦੀ ਜ਼ਰੂਰਤ ਹੁੰਦੀ ਹੈ। ਇਹ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਲੰਬਾ ਅੰਦੋਲਨ ਹੈ, ਜੋ ਦੇਸ਼ ਦੇ ਕਿਸਾਨਾਂ ਨੂੰ ਆਪਣੀ ਹੀ ਚੁਣੀ ਹੋਈ ਸਰਕਾਰ ਵਿਰੁੱਧ ਕਰਨਾ ਪਿਆ। ਕੇਜਰੀਵਾਲ ਨੇ ਕਿਹਾ, ‘ਅਸੀਂ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਦਾ ਪੂਰਾ ਸਮਰਥਨ ਕਰਦੇ ਹਾਂ ਅਤੇ ਕਿਸਾਨਾਂ ਵਿਰੁੱਧ ਸਾਰੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕਰਦੇ ਹਾਂ। ਪੂਰਾ ਦੇਸ਼ ਮੰਗ ਕਰਦਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।’
ਅੰਦੋਲਨ ਭਾਜਪਾ ਦੇ ਹੰਕਾਰ ਦਾ ਨਤੀਜਾ: ਪ੍ਰਿਯੰਕਾ
ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ ਇਕ ਵਰ੍ਹਾ ਮੁਕੰਮਲ ਹੋਣ ’ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਦੇ ‘ਸੱਤਿਆਗ੍ਰਹਿ’, 700 ਕਿਸਾਨਾਂ ਦੀ ‘ਸ਼ਹੀਦੀ’ ਅਤੇ ਭਾਜਪਾ ਸਰਕਾਰ ਦੇ ਹੰਕਾਰ ਲਈ ਚੇਤੇ ਕੀਤਾ ਜਾਵੇਗਾ। ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਸਰਕਾਰ ਨੇ ਅੰਨਦਾਤੇ ਨਾਲ ਕਈ ਵਧੀਕੀਆਂ ਕੀਤੀਆਂ ਪਰ ਕਿਸਾਨ ਡੋਲੇ ਨਹੀਂ।