ਪੱਤਰ ਪ੍ਰੇਰਕ
ਮਾਛੀਵਾੜਾ, 6 ਅਗਸਤ
ਕੁਹਾੜਾ-ਮਾਛੀਵਾੜਾ ਕਰੀਬ 18 ਕਿਲੋਮੀਟਰ ਲੰਬੀ ਸੜਕ ਜਿਸ ਨੂੰ ਕੁਝ ਕੁ ਮਹੀਨੇ ਪਹਿਲਾਂ ਬਰਮਾਂ ਤੋਂ ਚੌੜੀ ਕਰਕੇ ਦੁਬਾਰਾ ਬਣਾਇਆ ਗਿਆ ਉਹ ਮੁੜ ਟੁੱਟਣੀ ਸ਼ੁਰੂ ਹੋ ਗਈ ਅਤੇ ਸੜਕ ’ਤੇ ਪੈਂਦੇ ਪਿੰਡ ਦੇ ਲੋਕਾਂ ਨੇ ਗੁਣਵੱਤਾ ’ਤੇ ਸਵਾਲ ਉਠਾਉਂਦਿਆਂ ਠੇਕੇਦਾਰ ਉੱਪਰ ਘਟੀਆ ਕਿਸਮ ਦਾ ਸਮੱਗਰੀ ਵਰਤਣ ਦੇ ਦੋਸ਼ ਲਗਾਏ ਹਨ।
ਅੱਜ ਪੱਤਰਕਾਰਾਂ ਨੂੰ ਥਾਂ-ਥਾਂ ਤੋਂ ਟੁੱਟੀ ਸੜਕ ਦਿਖਾਉਂਦਿਆਂ ਪਿੰਡ ਸਿੱਧੂਪੁਰ ਦੇ ਸਰਪੰਚ ਸਤਵੰਤ ਸਿੰਘ, ਹਰਿੰਦਰ ਸਿੰਘ, ਡਾ. ਰਾਹੁਲ ਕੁਮਾਰ, ਸ਼ਾਂਤੀ ਕੁਮਾਰੀ, ਪੀਟਰ, ਚਰਨਜੀਤ ਕੌਰ, ਮਧੂ (ਸਾਰੇ ਪੰਚਾਇਤ ਮੈਂਬਰ), ਹਰਜੀਤ ਸਿੰਘ, ਡਾ. ਸੋਨੀ, ਵਿਨੈ ਕੁਮਾਰ, ਰਣਜੀਤ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਸੜਕ ਪਿਛਲੇ ਕਈ ਸਾਲਾਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ, ਜਿਸ ਲਈ ਲੋਕਾਂ ਵਲੋਂ ਸਰਕਾਰੇ-ਦਰਬਾਰੇ ਅਪੀਲਾਂ ਕਰ ਬੜੀ ਦੇਰ ਬਾਅਦ ਇਸ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅਜੇ ਸੜਕ ਬਣੀ ਨੂੰ 2-3 ਮਹੀਨੇ ਹੀ ਹੋਏ ਸਨ ਕਿ ਇਹ ਮੁੜ ਤੋਂ ਟੁੱਟਣੀ ਸ਼ੁਰੂ ਹੋ ਗਈ। ਸਰਪੰਚ ਸਿੱਧੂਪੁਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਸੜਕ ਦਾ ਦੌਰਾ ਕੀਤਾ ਹੈ ਤਾਂ ਕਰੀਬ 40-50 ਥਾਵਾਂ ’ਤੇ ਟੁੱਟੀ ਹੋਈ ਪਾਈ ਗਈ।
ਉਨ੍ਹਾਂ ਸੜਕ ਦੀ ਗੁਣਵੱਤਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੜਕ ਬਣਾਉਣ ਵਾਲੇ ਠੇਕੇਦਾਰ ਵੱਲੋਂ ਘਟੀਆ ਸਮੱਗਰੀ ਵਰਕੀ ਗਈ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।