ਸਰਬਜੀਤ ਸਿੰਘ ਭੱਟੀ
ਲਾਲੜੂ, 17 ਨਵੰਬਰ
ਨਜ਼ਦੀਕੀ ਪਿੰਡ ਮਲਕਪੁਰ ਵਿਚ ਸਥਿਤ ਪੈਟਰੋਲ ਪੰਪ ’ਤੇ ਖੜ੍ਹੇ ਛੇ ਟਿੱਪਰਾਂ ’ਚੋਂ 12 ਬੈਟਰੀਆਂ ਚੋਰੀ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਲਾਲੜੂ ਯੋਗੇਸ਼ ਕੁਮਾਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਜੌਲਾ ਕਲਾਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਛੇ ਟਿੱਪਰ ਮਲਕਪੁਰ ਵਿਚ ਸਥਿਤ ਪੈਟਰੋਲ ਪੰਪ ’ਤੇ ਖੜ੍ਹੇ ਸਨ। ਇਨ੍ਹਾਂ ਵਿੱਚੋਂ ਰਾਤ ਦੇ ਸਮੇਂ ਚੋਰ 12 ਬੈਟਰੀਆਂ ਚੋਰੀ ਕਰ ਕੇ ਲੈ ਗਏ।
ਇਸ ਸਬੰਧੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਹੌਲਦਾਰ ਸੁਲਤਾਨ ਸਿੰਘ ਕਰ ਰਹੇ ਹਨ। ਪੁਲੀਸ ਸੀਸੀਟੀਵੀ ਕੈਮਰੇ ਅਤੇ ਮੋਬਾਈਲ ਫੋਨਾਂ ਦੀ ਲੋਕੇਸ਼ਨ ਦੀ ਵੀ ਪੜਤਾਲ ਕਰ ਰਹੀ ਹੈ।
ਇੱਕ ਮੁਲਜ਼ਮ ਗ੍ਰਿਫ਼ਤਾਰ
ਲਾਲੜੂ: ਲੈਹਲੀ ਪੁਲੀਸ ਨੇ ਟੈਂਕਰ ਤੋਂ ਬੈਟਰੀ ਚੋਰੀ ਕਰਨ ਦੇ ਦੋਸ਼ ਵਿੱਚ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਹਰ ਪੁਲੀਸ ਚੌਕੀ ਇੰਚਾਰਜ ਹਰਕੇਸ਼ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਦੱਪਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ 7 ਅਕਤੂਬਰ ਦੀ ਰਾਤ ਨੂੰ ਉਹ ਆਪਣਾ ਟੈਂਕਰ ਦੱਪਰ ਪੈਟਰੋਲ ਪੰਪ ’ਤੇ ਖੜ੍ਹਾ ਕਰ ਕੇ ਘਰ ਚਲਾ ਗਿਆ ਸੀ। ਅਗਲੇ ਦਿਨ ਉਸ ਦੇ ਟੈਂਕਰ ’ਚੋਂ ਬੈਟਰੀ ਚੋਰੀ ਗਾਇਬ ਸੀ। ਊਸ ਦੀ ਸ਼ਿਕਾਇਤ ’ਤੇ ਪੁਲੀਸ ਨੇ ਪੜਤਾਲ ਊਪਰੰਤ ਜਗਤਾਰ ਸਿੰਘ ਨੂੰ ਗ੍ਰਿਫ਼ਤਾ ਕੀਤਾ ਸੀ। ਅਦਾਲਤ ਨੇ ਮੁਲਜ਼ਮ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਹੈ।