ਗੁਰਦੇਵ ਸਿੰਘ ਸਿੱਧੂ
ਗੁਰਦੁਆਰਾ ਸੁਧਾਰ ਲਹਿਰ ਦੌਰਾਨ ਤਰਨਤਾਰਨ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕਿਆਂ ਮਗਰੋਂ ਮੋਹਰੀ ਅਕਾਲੀ ਆਗੂਆਂ ਨੂੰ ਮੁਕੱਦਮਿਆਂ ਵਿਚ ਉਲਝਾ ਲਿਆ ਗਿਆ। ਇਸ ਦੌਰਾਨ ਵਾਪਰੀਆਂ ਕਈ ਘਟਨਾਵਾਂ ਕਾਰਨ ਉੱਭਰੀ ਬੱਬਰ ਅਕਾਲੀ ਲਹਿਰ ਦਾ ਮੁੱਖ ਮਕਸਦ ਅੰਗਰੇਜ਼ਾਂ ਦੇ ਝੋਲੀਚੁੱਕਾਂ ਅਤੇ ਮੁਖ਼ਬਰਾਂ ਵਿਰੁੱਧ ਕਾਰਵਾਈਆਂ ਕਰਨਾ ਸੀ। ਬੱਬਰ ਅਕਾਲੀ ਅਜਿਹੇ ਵਿਅਕਤੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਜੇਕਰ ਉਹ ਅੰਗਰੇਜ਼ਾਂ ਦੇ ਝੋਲੀਚੁੱਕ ਅਤੇ ਆਜ਼ਾਦੀ ਦੀ ਲਹਿਰ ਦੇ ਗੱਦਾਰ ਬਣਨਗੇ ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਸਿੰਘ ਸਭਾ ਲਹਿਰ ਦੇ ਪ੍ਰਭਾਵ ਸਦਕਾ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਸਿੱਖ ਸੰਸਥਾਵਾਂ ਨੇ ਆਪਣੇ ਧਰਮ ਅਸਥਾਨਾਂ ਵਿਚ ਚੱਲ ਰਹੀਆਂ ਮਨਮਤੀ ਕਾਰਵਾਈਆਂ ਉੱਤੇ ਉਂਗਲ ਧਰਨੀ ਸ਼ੁਰੂ ਕਰ ਦਿੱਤੀ ਸੀ। 1914 ਵਿਚ ਗੁਰਦੁਆਰਾ ਰਕਾਬ ਗੰਜ, ਦਿੱਲੀ ਦੀ ਕੰਧ ਢਾਹੁਣ ਦਾ ਵਿਰੋਧ ਕਰਨ ਦੇ ਮਾਮਲੇ ਨੇ ਸਿੱਖ ਸਮੂਹ ਨੂੰ ਜਥੇਬੰਦ ਹੋਣ ਦਾ ਮੌਕਾ ਦਿੱਤਾ। 1918 ਵਿਚ ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ ਦਾ ਪ੍ਰਬੰਧ ਸਿੱਖ ਪ੍ਰਤੀਨਿਧਾਂ ਦੇ ਹੱਥ ਆਉਣ ਨੇ ਜਥੇਬੰਦਕ ਬਲ ਦੀ ਪੁਸ਼ਟੀ ਕੀਤੀ। ਹੋਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਬਾਰੇ ਚਰਚਾ ਚੱਲ ਹੀ ਰਹੀ ਸੀ ਕਿ 12 ਅਕਤੂਬਰ 1920 ਨੂੰ ਅਚਾਨਕ ਵਾਪਰੀ ਘਟਨਾ ਦੇ ਨਤੀਜੇ ਵਜੋਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖ ਪ੍ਰਤੀਨਿਧਾਂ ਨੇ ਸੰਭਾਲ ਲਿਆ। ਇਸ ਘਟਨਾ ਦੇ ਫਲਸਰੂਪ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। ਜਥੇਬੰਦਕ ਸਿੱਖ ਸ਼ਕਤੀ ਦਾ ਮੁਕਾਬਲਾ ਕਰਨ ਵਾਸਤੇ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਨੇ ਹਥਿਆਰਬੰਦ ਮੁਕਾਬਲਿਆਂ ਦੀਆਂ ਗੋਂਦਾ ਗੁੰਦ ਲਈਆਂ। ਇਸ ਦਾ ਨਤੀਜਾ ਤਰਨਤਾਰਨ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕਿਆਂ ਵਿਚ ਨਿਕਲਿਆ। ਸਿੱਖਾਂ ਲਈ ਪਿਛਲੇਰੀ ਘਟਨਾ ਹੋਰ ਵੀ ਦੁਖਦਾਈ ਉਦੋਂ ਹੋ ਗਈ ਜਦ ਕਰਤਾਰ ਸਿੰਘ ਝੱਬਰ ਆਦਿ ਮੋਹਰੀ ਅਕਾਲੀਆਂ ਨੂੰ ਮੁਕੱਦਮਿਆਂ ਵਿਚ ਉਲਝਾ ਲਿਆ ਗਿਆ।
ਇਸ ਸਥਿਤੀ ਨੇ ਸਿੱਖ ਆਗੂਆਂ ਨੂੰ ਅਗਲੇ ਪੈਂਤੜੇ ਬਾਰੇ ਸੋਚਣ ਲਈ ਮਜਬੂਰ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਢੁੱਕਵੀਆਂ ਜਥੇਬੰਦੀਆਂ ਮੰਨਦਿਆਂ ਕੁਝ ਗ਼ਦਰੀ ਆਗੂ ਅਕਾਲੀ ਸਫ਼ਾਂ ਵਿਚ ਸਰਗਰਮ ਹੋ ਚੁੱਕੇ ਸਨ। ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ‘ਗੜਗੱਜ’ ਅਤੇ ਕਈ ਹੋਰ ਸਿੱਖ ਆਗੂ ਗ਼ਦਰੀ ਸੋਚ ਨਾਲ ਸਹਿਮਤ ਸਨ। 25 ਤੋਂ 27 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਹੋਈ ਸਿੱਖ ਵਿਦਿਅਕ ਕਾਨਫਰੰਸ ਨੇ ਇਨ੍ਹਾਂ ਨੂੰ ਇਕੱਠੇ ਬੈਠਣ ਦਾ ਮੌਕਾ ਦਿੱਤਾ ਜਿੱਥੇ ਗੁਰੂਘਰਾਂ ਉੱਤੇ ਸੱਪ ਕੁੰਡਲੀ ਮਾਰੀ ਬੈਠੇ ਮਹੰਤਾਂ, ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਅਧਿਕਾਰੀਆਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ‘ਟੋਡੀਆਂ’ ਨੂੰ ਸੋਧਣ ਦਾ ਫ਼ੈਸਲਾ ਹੋਇਆ। ਸੋਧੇ ਜਾਣ ਵਾਲੇ ਵਿਅਕਤੀਆਂ ਦੀ ਨਿਸ਼ਾਨਦੇਹੀ ਕਰ ਲਈ ਗਈ ਅਤੇ ਕਾਰਵਾਈ ਕਰਨ ਲਈ ਡਿਊਟੀਆਂ ਵੀ ਲੱਗ ਗਈਆਂ ਪਰ ਮੁਖ਼ਬਰੀ ਹੋ ਜਾਣ ਕਾਰਨ ਯੋਜਨਾ ਸਿਰੇ ਨਾ ਚੜ੍ਹ ਸਕੀ। ‘ਅਕਾਲੀ ਸਾਜ਼ਿਸ਼’ ਦੇ ਨਾਂ ਨਾਲ ਜਾਣੇ ਗਏ ਇਸ ਮੁਕੱਦਮੇ ਵਿਚ ਉੱਪਰ ਲਿਖੇ ਦੋਵੇਂ ਆਗੂ ਵੀ ਮੁਲਜ਼ਮ ਨਾਮਜ਼ਦ ਕੀਤੇ ਗਏ ਸਨ ਪਰ ਉਹ ਰੂਪੋਸ਼ ਹੋ ਜਾਣ ਕਾਰਨ ਪੁਲੀਸ ਦੇ ਹੱਥ ਨਾ ਆਏ। ਇਸ ਮੁਕੱਦਮੇ ਵਿਚ ਕੁਝ ਅਕਾਲੀਆਂ ਨੂੰ ਸਜ਼ਾ ਹੋਈ। ਮਨੋਰਥ ਵਿਚ ਸਫਲਤਾ ਨਾ ਮਿਲਣ ਦੇ ਬਾਵਜੂਦ ਇਹ ਘਟਨਾ ਬੱਬਰ ਅਕਾਲੀ ਲਹਿਰ ਦਾ ਬੀਜ ਬਣੀ।
ਗੁਪਤਵਾਸ ਦੌਰਾਨ ਕਿਸ਼ਨ ਸਿੰਘ ‘ਗੜਗੱਜ’ ਦੀ ਮੁਲਾਕਾਤ ਸੰਤਾ ਸਿੰਘ ਨਾਲ ਹੋਈ। ਦੋਵਾਂ ਦੀ ਵਿਚਾਰਧਾਰਾ ਰਲਦੀ ਸੀ। ਇਸ ਲਈ ਉਨ੍ਹਾਂ ‘ਚਕਰਵਰਤੀ ਜਥਾ’ ਬਣਾਇਆ ਅਤੇ ਜਲੰਧਰ ਦੇ ਇਲਾਕੇ ਵਿਚ ਥਾਂ ਥਾਂ ਜਾ ਕੇ ਲੋਕਾਂ ਨੂੰ ਅੰਗਰੇਜ਼ ਸਰਕਾਰ ਖ਼ਿਲਾਫ਼ ਹਥਿਆਰਬੰਦ ਜੱਦੋਜਹਿਦ ਕਰਨ ਲਈ ਤਿਆਰ ਕਰਨਾ ਸ਼ੁਰੂ ਕੀਤਾ। ਇਨ੍ਹੀਂ ਦਿਨੀਂ ਅਮਰੀਕਾ ਤੋਂ ਪਰਤੇ ਗ਼ਦਰੀ ਕਰਮ ਸਿੰਘ ਦੌਲਤਪੁਰ ਅਤੇ ਉਸ ਦੇ ਸਾਥੀ ਹੁਸ਼ਿਆਰਪੁਰ ਦੇ ਇਲਾਕੇ ਵਿਚ ਇਹੋ ਕਾਰਜ ਕਰ ਰਹੇ ਸਨ। ਛੇਤੀ ਹੀ ਦੋਵਾਂ ਜਥਿਆਂ ਵਿਚ ਤਾਲ-ਮੇਲ ਹੋਣ ਪਿੱਛੋਂ ਬੱਬਰ ਅਕਾਲੀ ਜਥਾ ਹੋਂਦ ਵਿਚ ਆਇਆ ਜਿਸ ਦੀਆਂ ਕਾਰਵਾਈਆਂ ਨੇ ਸਰਕਾਰ ਦੇ ਨੱਕ ਵਿਚ ਦਮ ਕਰ ਦਿੱਤਾ। ਸਰਕਾਰ ਨੇ ਬੱਬਰਾਂ ਨੂੰ ਖ਼ਤਮ ਕਰਨ ਵਾਸਤੇ ਪੁਲੀਸ ਦੀ ਮਦਦ ਲਈ ਘੋੜਸਵਾਰ ਪੁਲੀਸ ਅਤੇ ਫ਼ੌਜ ਤਾਇਨਾਤ ਕੀਤੀ ਅਤੇ ਬੱਬਰਾਂ ਦੀ ਗ੍ਰਿਫ਼ਤਾਰੀ ਕਰਵਾਉਣ ਵਾਲਿਆਂ ਵਾਸਤੇ ਇਨਾਮਾਂ ਦੇ ਐਲਾਨ ਕੀਤੇ। ਮੁਖ਼ਬਰਾਂ ਦੀ ਸਹਾਇਤਾ ਨਾਲ ਪੁਲੀਸ ਨੇ 91 ਬੱਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ‘‘ਸ਼ਾਹਿਨਸ਼ਾਹ ਬਨਾਮ ਕਿਸ਼ਨ ਸਿੰਘ ਅਤੇ ਹੋਰ’’ ਮੁਕੱਦਮਾ ਚਲਾਇਆ ਜਿਸ ਦੇ ਫ਼ੈਸਲੇ ਅਨੁਸਾਰ 27 ਫਰਵਰੀ 1926 ਨੂੰ ਇਨ੍ਹਾਂ ਛੇ ਬੱਬਰਾਂ ਨੂੰ ਫਾਂਸੀ ਦੀ ਤੰਦੀ ਪਾ ਕੇ ਸ਼ਹੀਦ ਕੀਤਾ ਗਿਆ:
ਕਿਸ਼ਨ ਸਿੰਘ ‘ਗੜਗੱਜ’:
ਉਸ ਦਾ ਜਨਮ 1885 ਦੇ ਨੇੜ, ਪਿੰਡ ਵੜਿੰਗ (ਜ਼ਿਲ੍ਹਾ ਜਲੰਧਰ) ਵਿਚ ਹੋਇਆ। ਉਸ ਪਰਿਵਾਰ ਵਿਚ ਪਿਤਾ ਸ. ਫਤਿਹ ਸਿੰਘ, ਮਾਤਾ ਸ੍ਰੀਮਤੀ ਜੀਵੀ, ਪਤਨੀ ਧਰਮ ਕੌਰ ਅਤੇ ਬੱਚੇ ਜੀਤ ਕੌਰ, ਇੰਦਰਜੀਤ ਸਿੰਘ ਤੇ ਗੁਰਮੁਖ ਸਿੰਘ (ਜੋ ਕਿਸ਼ਨ ਸਿੰਘ ਦੀ ਸ਼ਹੀਦੀ ਸਮੇਂ ਕ੍ਰਮਵਾਰ ਗਿਆਰਾਂ, ਅੱਠ ਅਤੇ ਚਾਰ ਸਾਲ ਦੀ ਉਮਰ ਦੇ) ਸਨ। ਫ਼ੌਜ ਵਿਚ ਭਰਤੀ 1903 ਦੇ ਨੇੜ ਅਤੇ ਪਹਿਲੀ ਆਲਮੀ ਜੰਗ ਪਿੱਛੋਂ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤੀ ਹੋਈ।
ਕਿਸ਼ਨ ਸਿੰਘ ਸੇਵਾਮੁਕਤੀ ਪਿੱਛੋਂ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਤਾਂ ਉਸ ਨੂੰ ਸਕੱਤਰ ਥਾਪਿਆ ਗਿਆ। ਅਕਾਲੀ ਦਲ ਦੀ ਸਰਕਾਰ ਪ੍ਰਤੀ ਨਰਮ ਨੀਤੀ ਕਾਰਨ ਉਸ ਨੇ ਅਕਾਲੀ ਦਲ ਦੇ ਸਕੱਤਰ ਪਦ ਤੋਂ ਅਸਤੀਫ਼ਾ ਦੇ ਦਿੱਤਾ। ਪੁਲੀਸ ਉਸ ਨੂੰ ਇਕ ਬਗ਼ਾਵਤੀ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਫੜਨਾ ਚਾਹੁੰਦੀ ਸੀ ਪਰ ਉਹ ਰੂਪੋਸ਼ ਹੋ ਗਿਆ ਅਤੇ ਸਰਕਾਰ ਖ਼ਿਲਾਫ਼ ਹਥਿਆਰਬੰਦ ਵਿਦਰੋਹ ਦਾ ਪ੍ਰਚਾਰ ਕਰਨ ਲੱਗਾ। ਉਸ ਦੇ ਜੋਸ਼ੀਲੇ ਭਾਸ਼ਣਾਂ ਕਾਰਨ ਹੀ ਉਸ ਨੂੰ ਕਿਸ਼ਨ ਸਿੰਘ ‘ਗੜਗੱਜ’ ਆਖਿਆ ਜਾਣ ਲੱਗਾ। ਸਰਕਾਰ ਨੇ 1922 ਵਿਚ ਉਸ ਦੀ ਪੈਨਸ਼ਨ ਜ਼ਬਤ ਕਰ ਲਈ ਅਤੇ ਉਸ ਨੂੰ ਗ੍ਰਿਫ਼ਤਾਰ ਕਰਵਾਉਣ ਵਾਲੇ ਵਾਸਤੇ ਦੋ ਹਜ਼ਾਰ ਰੁਪਏ ਦਾ ਇਨਾਮ ਐਲਾਨਿਆ।
ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਕਰਨ ਲਈ ਕਿਸ਼ਨ ਸਿੰਘ ਨਾਲ ਬਾਬੂ ਸੰਤਾ ਸਿੰਘ, ਕਰਮ ਸਿੰਘ ਦੌਲਤਪੁਰ, ਬੰਤਾ ਸਿੰਘ ਧਾਮੀਆ, ਧੰਨਾ ਸਿੰਘ ਬਹਬਿਲਪੁਰ ਆਦਿ ਸਾਥੀ ਰਲ ਗਏ ਅਤੇ ਬੱਬਰ ਅਕਾਲੀ ਜਥਾ ਬਣਾਇਆ। ਉਨ੍ਹਾਂ ਨੇ ਪੁਲੀਸ ਨੂੰ ਬੱਬਰਾਂ ਦੀ ਮੁਖ਼ਬਰੀ ਕਰਨ ਵਾਲੇ ਕਈ ‘ਟੋਡੀਆਂ’ ਨੂੰ ਸੋਧਿਆ। ਪੁਲੀਸ ਨੇ ਲਾਭ ਸਿੰਘ ਪਿੰਡ ਢੱਡੇ ਫਤਿਹ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ, ਵੱਲੋਂ ਸੂਹ ਦਿੱਤੇ ਜਾਣ ਉੱਤੇ 26 ਜਨਵਰੀ 1923 ਨੂੰ ਕਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਉਸ ਨੂੰ ਮੁਜ਼ਰਮਾਨਾ ਸਾਜ਼ਿਸ਼ ਦਾ ਘਾੜਾ ਦੱਸਦਿਆਂ ਫਾਂਸੀ ਦੀ ਸਜ਼ਾ ਸੁਣਾਈ।
ਕਿਸ਼ਨ ਸਿੰਘ ਕਵੀ ਵੀ ਸੀ। ਕਾਵਿ ਰਚਨਾ ਵਿਚ ਉਹ ‘ਗੜਗੱਜ’ ਅਤੇ ‘ਚਕਰਵਰਤੀ’ ਕਾਵਿ-ਨਾਂ ਦੀ ਵਰਤੋਂ ਕਰਦਾ ਸੀ। ਅਖ਼ਬਾਰ ‘ਗੜਗੱਜ ਅਕਾਲੀ’, ਮਿਤੀ 15 ਜੁਲਾਈ 1922 ਵਿਚ ਪ੍ਰਕਾਸ਼ਿਤ ਉਸ ਦੀ ਕਵਿਤਾ:
‘ਗੁਰਦੁਆਰਾ ਬਿੱਲ’
ਇੰਗਲਸਤਾਨੀਆਂ! ਕਰੇ ਸ਼ੈਤਾਨੀਆਂ ਕਿਉਂ? ਕਿਥੋਂ ‘ਬਿਲ’ ਦਾ ਹੋਇਆ ਇਲਹਾਮ ਬੀਬਾ!
ਤੇਰੇ ਅਤਿਆਚਾਰ ਤੋਂ ਤੰਗ ਆਏ, ਖੋਟੇ ਨਾਲ ਨਾ ਕਰਨੀ ਕਲਾਮ ਬੀਬਾ!
ਅਸਾਂ ‘ਜੀ ਹਜ਼ੂਰ’ ਦੀ ਬਾਣ ਛੱਡੀ, ਕਰਨੀ ਝੁਕ ਕੇ ਨਹੀਂ ਸਲਾਮ ਬੀਬਾ!
ਖੱਦਰ ਪਹਿਨ ਅਜ਼ਾਦੀ ਜ਼ਰੂਰ ਲੈਣੀ, ਰਹਿਣਾ ਤੇਰੇ ਹੁਣ ਨਹੀਂ ਗੁਲਾਮ ਬੀਬਾ!
ਓਹ ਨੱਕ ਵਢੇ ਆਪ ਨੱਥ ਮੰਗੇ, ਓਸੇ ਤਰ੍ਹਾਂ ਦੀ ਤੇਰੀ ਰਫਤਾਰ ਹੋਈ!
ਬਿੱਲ ਨਹੀਂ ਮਨਜ਼ੂਰ ਬਿਲਕੁਲ ਸਾਨੂੰ, ਗੱਜ ਕਹਾਂ, ਨਾ ਤੇਰਾ ਇਤਬਾਰ ਕੋਈ!
ਬਾਬੂ ਸੰਤਾ ਸਿੰਘ:
ਉਸ ਦਾ ਜਨਮ 1897 ਪਿੰਡ ਹਰਿਆਓਂ ਖੁਰਦ (ਜ਼ਿਲ੍ਹਾ ਲੁਧਿਆਣਾ) ਵਿਖੇ ਪਿਤਾ ਸ. ਸੋਭਾ ਸਿੰਘ ਅਤੇ ਮਾਤਾ ਸ੍ਰੀਮਤੀ ਜੱਸਾਂ ਦੇ ਘਰ ਹੋਇਆ। ਉਸ ਨੇ ਮੈਟ੍ਰਿਕ ਮਾਲਵਾ ਖਾਲਸਾ ਹਾਈ ਸਕੂਲ, ਲੁਧਿਆਣਾ ਤੋਂ ਕੀਤੀ ਅਤੇ 1915 ਵਿਚ ਸੰਤ ਅਤਰ ਸਿੰਘ ਮਸਤੂਆਣਾ ਪਾਸੋਂ ਅੰਮ੍ਰਿਤ ਛਕਿਆ। 24 ਫਰਵਰੀ 1920 ਨੂੰ ਫ਼ੌਜ ਵਿਚ ਕਲਰਕ ਭਰਤੀ ਹੋਇਆ ਜਿਸ ਕਾਰਨ ਨਾਂ ਨਾਲ ‘ਬਾਬੂ’ ਜੁੜਿਆ।
ਸੰਤਾ ਸਿੰਘ ਦੀ ਰੈਜੀਮੈਂਟ ਜਲੰਧਰ ਛਾਉਣੀ ਸੀ। ਛਾਉਣੀ ਦੇ ਨਾਲ ਲੱਗਦੇ ਪਿੰਡ ਪਰਾਗਪੁਰ ਦੇ ਸੰਤ ਕਰਤਾਰ ਸਿੰਘ, ਜੋ ਬੱਬਰ ਅਕਾਲੀਆਂ ਦਾ ਸਹਿਯੋਗੀ ਸੀ, ਰਾਹੀਂ ਉਹ ਕਿਸ਼ਨ ਸਿੰਘ ‘ਗੜਗੱਜ’ ਅਤੇ ਹੋਰ ਬੱਬਰ ਅਕਾਲੀਆਂ ਦੇ ਸੰਪਰਕ ਵਿਚ ਆਇਆ ਅਤੇ 26 ਜਨਵਰੀ 1922 ਨੂੰ ਫ਼ੌਜ ਤੋਂ ਅਸਤੀਫ਼ਾ ਦੇ ਕੇ ਕਿਸ਼ਨ ਸਿੰਘ ‘ਗੜਗੱਜ’ ਦੇ ਚਕਰਵਰਤੀ ਜਥੇ ਵਿਚ ਸ਼ਾਮਲ ਹੋ ਗਿਆ। ਉਸ ਦੇ ਯਤਨ ਸਦਕਾ ਹੀ ਕਿਸ਼ਨ ਸਿੰਘ ‘ਗੜਗੱਜ’ ਅਤੇ ਕਰਮ ਸਿੰਘ ਦੌਲਤਪੁਰ ਨੇ ਇਕੱਠਿਆਂ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਖ਼ੁਦ ਵੀ ਬੱਬਰ ਕਾਰਵਾਈਆਂ ਨੂੰ ਅਮਲ ਵਿਚ ਲਿਆਉਣ ਲਈ ਮੋਹਰੀ ਰੋਲ ਅਦਾ ਕੀਤਾ। ਉਸ ਨੇ ਬੱਬਰ ਅਕਾਲੀਆਂ ਵੱਲੋਂ ਛਾਪੇ ਜਾਂਦੇ ਪਰਚੇ ‘ਬੱਬਰ ਅਕਾਲੀ ਦੁਆਬਾ’ ਦੀ ਪ੍ਰਕਾਸ਼ਨਾ ਹਿਤ ਵੀ ਕੰਮ ਕੀਤਾ। ਬੱਬਰਾਂ ਦਾ ਕਾਰਜ ਖੇਤਰ ਮੁੱਖ ਤੌਰ ਉੱਤੇ ਦੁਆਬੇ ਦਾ ਇਲਾਕਾ, ਖ਼ਾਸਕਰ ਜਲੰਧਰ ਅਤੇ ਹੁਸ਼ਿਆਰਪੁਰ ਦਾ ਜ਼ਿਲ੍ਹਾ, ਸੀ। ਬਾਬੂ ਸੰਤਾ ਸਿੰਘ ਨੇ ਮਾਲਵੇ ਵਿਚ ਇਸ ਦੇ ਸੈੱਲ ਕਾਇਮ ਕੀਤੇ। ਪੰਜਾਬ ਸਰਕਾਰ ਨੇ ਉਸ ਦੀ ਗ੍ਰਿਫ਼ਤਾਰੀ ਕਰਵਾਉਣ ਵਿਚ ਮਦਦ ਕਰਨ ਵਾਲੇ ਵਿਅਕਤੀ ਲਈ ਨਕਦ ਇਨਾਮ ਦਾ ਐਲਾਨ ਕੀਤਾ।
ਰੌਚਿਕ ਤੱਥ ਇਹ ਹੈ ਕਿ ਬਾਬੂ ਸੰਤਾ ਸਿੰਘ ਦੀ ਗ੍ਰਿਫ਼ਤਾਰੀ ਉਸ ਨੂੰ ਬੱਬਰ ਸਫ਼ਾਂ ਵਿਚ ਲਿਆਉਣ ਵਾਲੇ ਸੰਤ ਕਰਤਾਰ ਸਿੰਘ, ਜੋ ਬੱਬਰ ਅਕਾਲੀ ਮੁਕੱਦਮੇ ਵਿਚ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ, ਰਾਹੀਂ ਹੋਈ। ਉਸ ਨੂੰ ਬਾਬੂ ਹੋਰਾਂ ਦੇ ਮਾਲਵੇ ਵਿਚਲੇ ਟਿਕਾਣਿਆਂ ਦਾ ਪਤਾ ਸੀ। ਪੁਲੀਸ ਉਸ ਦੇ ਨਾਲ ਗਈ ਜਿਸ ਨੇ 20 ਜੂਨ 1923 ਨੂੰ ਬਾਬੂ ਸੰਤਾ ਸਿੰਘ ਨੂੰ ਤਪੇ ਦੇ ਰੇਲਵੇ ਸਟੇਸ਼ਨ ਉੱਤੇ ਗ੍ਰਿਫ਼ਤਾਰ ਕਰ ਲਿਆ।
ਅਦਾਲਤ ਨੇ ਆਪਣੇ ਫ਼ੈਸਲੇ ਵਿਚ ਬਾਬੂ ਸੰਤਾ ਸਿੰਘ ਨੂੰ ‘‘ਬਿਨਾਂ ਸ਼ੱਕ ਬੱਬਰ ਸਾਜ਼ਿਸ਼ ਦੇ ਪ੍ਰਮੁੱਖ ਮੈਂਬਰਾਂ ਵਿਚੋਂ ਇਕ’’ ਦੱਸਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ।
ਬਾਬੂ ਸੰਤਾ ਸਿੰਘ ਨੇ ‘ਨਿਧੜਕ’ ਕਾਵਿ ਨਾਉਂ ਹੇਠ ਚੋਖੀ ਕਾਵਿ ਰਚਨਾ ਕੀਤੀ ਹੈ। ਬੱਬਰ ਧੰਨਾ ਸਿੰਘ ਦੀ ਸ਼ਹੀਦੀ ਬਾਰੇ ਲਿਖੀਆਂ ਉਸ ਦੀਆਂ ਕਾਵਿ-ਪੰਕਤੀਆਂ ਇਉਂ ਹਨ:
ਜਦ ਵਕਤ ਸ਼ਹੀਦੀ ਦਾ ਆਣ ਪਹੁੰਚਾ, ਧੰਨਾ ਸਿੰਘ ਜੀ ਹੋਏ ਹੁਸ਼ਿਆਰ ਪਹਿਲੇ।
ਪਹਿਲੇ ਹੱਥ ਹੀ ਬੰਬ ਚਲਾ ਕਰਕੇ, ਲਾਹੇ ਪੁਲਸ ਦੇ ਮਾਨੋਂ ਸਥਾਰ ਪਹਿਲੇ।
ਸਣੇ ਸਾਹਿਬ ਦੇ ਪੁਲਸ ਨੂੰ ਤੋਰ ਕੇ ਤੇ, ਬੰਬ ਵਾਲਾ ਲਾਹਿਆ ਉਧਾਰ ਪਹਿਲੇ।
ਮਗਰੋਂ ਆਪ ਵੀ ਵੀਰਾਂ ਦੇ ਵੱਲ ਪਹੁੰਚੇ, ਕਰਦੇ ਬੱਬਰ ਸੀ ਜਿਥੇ ਇੰਤਜਾਰ ਪਹਿਲੇ।
ਸਤਿ ਸ੍ਰੀ ਅਕਾਲ ਓਨ ਜਾਇ ਆਖੀ, ਬੱਬਰ ਹੋਏ ਸੀ ਜਦ ਬਲਿਹਾਰ ਪਹਿਲੇ।
ਮੇਲ ਹੋਣ ਸੰਜੋਗ ‘ਨਿਧੜਕ’ ਵਾਲੇ, ਮੱਲਿਆ ਆਪ ਸੀ ਜਾ ਗੁਰਦਵਾਰ ਪਹਿਲੇ।
ਭਾਈ ਧਰਮ ਸਿੰਘ:
ਉਸ ਦਾ ਜਨਮ 1876 ਵਿਚ ਪਿੰਡ ਹਯਾਤਪੁਰ (ਹੁਸ਼ਿਆਰਪੁਰ) ਵਿਚ ਹੋਇਆ। ਉਸ ਦੇ ਪਰਿਵਾਰ ਵਿਚ ਪਿਤਾ ਸ. ਸੋਭਾ ਸਿੰਘ, ਪਤਨੀ ਬੀਬੀ ਬਸੰਤ ਕੌਰ ਅਤੇ ਬੱਚੇ ਸੰਤ ਸਿੰਘ ਤੇ ਅਮਰ ਕੌਰ ਸਨ। ਅੱਠ ਜੁਲਾਈ 1906 ਨੂੰ ਰਸਾਲੇ ਵਿਚ ਭਰਤੀ ਅਤੇ ਦਫੇਦਾਰ ਬਣ ਕੇ 26 ਜੂਨ 1920 ਨੂੰ ਸੇਵਾਮੁਕਤ ਹੋਇਆ।
ਭਾਈ ਧਰਮ ਸਿੰਘ ਨੇ ਸੇਵਾਮੁਕਤੀ ਪਿੱਛੋਂ ਘਰ ਆ ਕੇ ਖੇਤੀ ਕਰਨੀ ਸ਼ੁਰੂ ਕੀਤੀ। ਬੱਬਰਾਂ ਦੀਆਂ ਕਾਰਵਾਈਆਂ ਬਾਰੇ ਪੜ੍ਹਦਿਆਂ ਸੁਣਦਿਆਂ ਉਨ੍ਹਾਂ ਨਾਲ ਹਮਦਰਦੀ ਹੋ ਗਈ। ਉਸ ਦਾ ਛੋਟਾ ਭਰਾ ਸੁੰਦਰ ਸਿੰਘ ਵੀ ਉਸ ਨਾਲ ਸਹਿਮਤ ਸੀ। ਹਯਾਤਪੁਰ ਦਾ ਪੁਲੀਸ ਮੁਖ਼ਬਰ ਦੀਵਾਨ ਬੱਬਰਾਂ ਦੀਆਂ ਅੱਖਾਂ ਵਿਚ ਰੜਕਦਾ ਸੀ। ਬੱਬਰਾਂ ਨੇ 13 ਫਰਵਰੀ 1923 ਨੂੰ ਇਨ੍ਹਾਂ ਦੋਵਾਂ ਭਰਾਵਾਂ ਦੀ ਮਦਦ ਨਾਲ ਉਸ ਨੂੰ ਜਮਪੁਰੀ ਪਹੁੰਚਾ ਦਿੱਤਾ। ਜਦ ਗ੍ਰਿਫ਼ਤਾਰੀਆਂ ਹੋਣ ਲੱਗੀਆਂ ਤਾਂ ਦੀਵਾਨ ਦੇ ਕਤਲ ਦੀ ਗੱਲ ਜ਼ਾਹਿਰ ਹੋ ਗਈ ਅਤੇ ਉਸ ਦੀ ਲਾਸ਼ ਇਨ੍ਹਾਂ ਦੀ ਹਵੇਲੀ ਵਿਚੋਂ ਮਿਲੀ। ਪੁਲੀਸ ਨੇ ਦੋਵਾਂ ਭਰਾਵਾਂ ਨੂੰ ਮੁਕੱਦਮੇ ਵਿਚ ਮੁਲਜ਼ਮ ਨਾਮਜ਼ਦ ਕੀਤਾ। ਉਸ ਨੂੰ 6 ਜੁਲਾਈ 1923 ਨੂੰ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਮੁਕੱਦਮੇ ਦੀ ਸੁਣਵਾਈ ਚੱਲਦਿਆਂ ਹੀ ਸੁੰਦਰ ਸਿੰਘ ਅਕਾਲ ਚਲਾਣਾ ਕਰ ਗਿਆ ਅਤੇ ਭਾਈ ਧਰਮ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ।
ਭਾਈ ਨੰਦ ਸਿੰਘ:
ਉਸ ਦਾ ਜਨਮ 1900 ਦੇ ਲਗਭਗ ਪਿੰਡ ਘੁੜਿਆਲ (ਜਲੰਧਰ) ਵਿਚ ਪਿਤਾ ਗੰਗਾ ਸਿੰਘ ਮਿਸਤਰੀ ਦੇ ਘਰ ਹੋਇਆ। ਉਸ ਨੇ ਥੋੜ੍ਹਾ ਸਮਾਂ ਫ਼ੌਜ ਵਿਚ ਨੌਕਰੀ ਕੀਤੀ ਪਰ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਨੌਕਰੀ ਤੋਂ ਤਿਆਗ ਪੱਤਰ ਦਿੱਤਾ।
ਭਾਈ ਨੰਦ ਸਿੰਘ ਨੇ ਪਿੰਡ ਆ ਕੇ ਅਕਾਲੀ ਜਥਾ ਬਣਾਇਆ ਜਿਸ ਦਾ ਜਥੇਦਾਰ ਉਸ ਨੂੰ ਥਾਪਿਆ ਗਿਆ। ਗੁਰੂ ਕਾ ਬਾਗ ਦੇ ਮੋਰਚੇ ਵਿਚ ਭਾਗ ਲੈਣ ਕਾਰਨ ਪੁਲੀਸ ਦੀ ਮਾਰ ਸਹੀ ਅਤੇ ਜ਼ਖ਼ਮੀ ਹੋ ਕੇ ਹਸਪਤਾਲ ਵਿਚ ਰਿਹਾ। ਮੁੜ ਮੋਰਚੇ ਵਿਚ ਗ੍ਰਿਫ਼ਤਾਰੀ ਦਿੱਤੀ ਅਤੇ ਛੇ ਮਹੀਨੇ ਦੀ ਕੈਦ ਹੋਈ। ਸਰਕਾਰ ਦੇ ਇਸ ਵਤੀਰੇ ਨੇ ਉਸ ਦੀ ਸੋਚ ਬਦਲ ਦਿੱਤੀ ਅਤੇ ਉਹ ਰਿਹਾਈ ਪਿੱਛੋਂ ਬੱਬਰ ਅਕਾਲੀਆਂ ਦਾ ਸਹਿਯੋਗੀ ਬਣ ਗਿਆ। ਘੁੜਿਆਲ ਪਿੰਡ ਦਾ ਸੂਬੇਦਾਰ ਗੇਂਦਾ ਸਿੰਘ ਅੰਗਰੇਜ਼ ਅਫ਼ਸਰਾਂ ਦੇ ਇਸ਼ਾਰੇ ਉੱਤੇ ਪਿੰਡ ਵਿਚ ਅਮਨ ਸਭਾ ਬਣਾ ਕੇ ਬੱਬਰਾਂ ਦੇ ਖ਼ਿਲਾਫ਼ ਬੋਲਦਾ ਸੀ। ਬੱਬਰਾਂ ਨੇ 17 ਅਪਰੈਲ 1923 ਨੂੰ ਉਸ ਦਾ ਕਤਲ ਕਰ ਦਿੱਤਾ। ਅਦਾਲਤ ਨੇ ਨੰਦ ਸਿੰਘ ਨੂੰ ਇਸ ਕਤਲ ਵਿਚ ਸਹਿਯੋਗੀ ਦੱਸ ਕੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ।
ਭਾਈ ਕਰਮ ਸਿੰਘ:
ਉਸ ਦਾ ਜਨਮ 1894 ’ਚ ਪਿੰਡ ਹਰੀਪੁਰ (ਜਲੰਧਰ) ਵਿਚ ਪਿਤਾ ਸ੍ਰੀ ਭਗਵਾਨ ਦਾਸ ਦੇ ਘਰ ਹੋਇਆ। ਭਾਈ ਕਰਮ ਸਿੰਘ ਦੀ ਸ਼ਾਦੀ ਛੋਟੀ ਉਮਰ ਵਿਚ ਹੀ ਪਿੰਡ ਮਾਣਕੋ ਵਿਚ ਹੋਈ। ਇਸ ਦੀ ਪਤਨੀ ਮਾਪਿਆਂ ਦੀ ਇਕੋ ਇਕ ਔਲਾਦ ਸੀ। ਇਸ ਲਈ ਜਦ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਤਾਂ ਕਰਮ ਸਿੰਘ ਆਪਣੇ ਸਹੁਰੇ ਘਰ ਰਹਿਣ ਲੱਗਾ। ਰੁਜ਼ਗਾਰ ਚਲਾਉਣ ਵਾਸਤੇ ਉਸ ਨੇ ਸੁਨਿਆਰੇ ਦੀ ਦੁਕਾਨ ਬਣਾਈ ਹੋਈ ਸੀ। ਉਸ ਨੇ 1922 ਵਿਚ ਆਪਣੇ ਪਿੰਡ ਵਿਚ ਬੱਬਰ ਕਾਨਫਰੰਸ ਕਰਵਾਈ ਜਿਸ ਨੂੰ ਕਿਸ਼ਨ ਸਿੰਘ ‘ਗੜਗਜ’, ਮਾਸਟਰ ਮੋਤਾ ਸਿੰਘ ਆਦਿ ਨੇ ਸੰਬੋਧਨ ਕੀਤਾ। ਪੁਲੀਸ ਨੇ ਭਾਈ ਕਰਮ ਸਿੰਘ ਨੂੰ 12 ਮਈ 1923 ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ। ਅਦਾਲਤ ਨੇ ਉਸ ਨੂੰ ਸੂਬੇਦਾਰ ਗੇਂਦਾ ਸਿੰਘ ਘਰਿਆਲਾ ਦੇ ਕਤਲ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਈ। ਸ਼ਹੀਦੀ ਸਮੇਂ ਉਸ ਦੀਆਂ ਦੋ ਧੀਆਂ ਸਵਰਨ ਕੌਰ ਅਤੇ ਗੁਰਬਚਨ ਕੌਰ ਕ੍ਰਮਵਾਰ ਸੱਤ ਸਾਲ ਅਤੇ ਚਾਰ ਸਾਲ ਉਮਰ ਦੀਆਂ ਸਨ।
ਭਾਈ ਦਲੀਪ ਸਿੰਘ ਉਰਫ ਦਲੀਪਾ ਉਰਫ ਭੁਜੰਗੀ:
ਉਸ ਦਾ ਜਨਮ 1908 ਵਿਚ ਪਿੰਡ ਧਾਮੀਆਂ ਕਲਾਂ (ਹੁਸ਼ਿਆਰਪੁਰ) ’ਚ ਪਿਤਾ ਸ. ਲਾਭ ਸਿੰਘ ਦੇ ਘਰ ਹੋਇਆ। ਪਿੰਡ ਧਾਮੀਆਂ ਕਲਾਂ ਬੱਬਰਾਂ ਦਾ ਕੇਂਦਰ ਸੀ ਜਿਸ ਕਾਰਨ ਇੱਥੇ ਉਨ੍ਹਾਂ ਦਾ ਅਖ਼ਬਾਰ ‘ਬੱਬਰ ਅਕਾਲੀ ਦੋਆਬਾ’ ਵੀ ਪੜ੍ਹਨ ਵਾਸਤੇ ਮਿਲ ਜਾਂਦਾ। ਇਹ ਅਖ਼ਬਾਰ ਪੜ੍ਹ ਕੇ ਹੀ ਸਕੂਲ ਦੇ ਵਿਦਿਆਰਥੀ ਦਲੀਪ ਸਿੰਘ ਨੂੰ ਬੱਬਰਾਂ ਨਾਲ ਰਲਣ ਦੀ ਪ੍ਰੇਰਨਾ ਮਿਲੀ ਅਤੇ ਉਹ ਬਾਬੂ ਸੰਤਾ ਸਿੰਘ ਨੂੰ ਜਾ ਮਿਲਿਆ। ਬੱਬਰਾਂ ਨੇ ਉਸ ਦੀ ਛੋਟੀ ਉਮਰ ਵੇਖਦਿਆਂ ਉਸ ਨੂੰ ਜਥੇਬੰਦੀ ਵਿਚ ਸ਼ਾਮਲ ਕਰਨ ਤੋਂ ਝਿਜਕ ਵਿਖਾਈ ਪਰ ਉਸ ਦੀ ਦ੍ਰਿੜ੍ਹਤਾ ਅਤੇ ਸਮਰਪਣ ਭਾਵਨਾ ਨੂੰ ਦੇਖਦਿਆਂ ਨਾਲ ਰੱਖਣਾ ਮੰਨ ਗਏ। ਛੋਟੀ ਉਮਰ ਕਾਰਨ ਉਸ ਉੱਤੇ ਸ਼ੱਕ ਹੋਣ ਦੀ ਗੁੰਜਾਇਸ਼ ਘੱਟ ਸੀ। ਇਸ ਲਈ ਉਹ ਬੱਬਰਾਂ ਦੇ ਸੁਨੇਹੇ ਅਤੇ ਹਥਿਆਰ ਇਧਰ ਉਧਰ ਲੈ ਜਾਣ ਦਾ ਕੰਮ ਕਰਦਾ। ਉਸ ਨੇ ਬਾਬੂ ਸੰਤਾ ਸਿੰਘ ਨਾਲ ਲਗਭਗ ਸਾਰੇ ਕਾਰਨਾਮਿਆਂ ਵਿਚ ਭਾਗ ਲਿਆ। ਮੁਖ਼ਬਰ ਜਵਾਲਾ ਸਿੰਘ ਵੱਲੋਂ ਸੂਹ ਦਿੱਤੇ ਜਾਣ ਉੱਤੇ ਪੁਲੀਸ ਨੇ 12 ਅਕਤੂਬਰ 1923 ਨੂੰ ਉਸ ਨੂੰ ਮੀਆਂ ਚੰਨੂੰ ਤੋਂ ਗ੍ਰਿਫ਼ਤਾਰ ਕੀਤਾ। ਅਦਾਲਤ ਨੇ ਇਸ ਸੂਰਬੀਰ ਨੂੰ ਸਜ਼ਾ ਸੁਣਾਏ ਜਾਣ ਲਈ ਆਪਣੇ ਫ਼ੈਸਲੇ ਦਾ ਆਰੰਭ ਇਨ੍ਹਾਂ ਸ਼ਬਦਾਂ ਨਾਲ ਕੀਤਾ ਸੀ, ‘‘ਇਹ ਦੋਸ਼ੀ 16 ਤੋਂ 20 ਸਾਲ ਉਮਰ ਦਾ ਹੈ ਅਤੇ ਅਲੂੰਆਂ ਹੋਣ ਦੇ ਬਾਵਜੂਦ ਇਸ ਸਾਜ਼ਿਸ਼ ਨਾਲ ਸੰਬੰਧਿਤ ਜਿਨ੍ਹਾਂ ਜੁਰਮਾਂ ਵਿਚ ਉਸ ਨੇ ਭਾਗ ਲਿਆ, ਉਸ ਸਦਕਾ ਉਸ ਨੇ ਕੇਵਲ ਦੋਸ਼ੀ ਸੰਤਾ ਸਿੰਘ ਤੋਂ ਅਗਲਾ ਸਥਾਨ ਬਣਾ ਲਿਆ।’’ ਯਕੀਨਨ ਕੇਵਲ ਅਠਾਰਾਂ ਕੁ ਸਾਲ ਦੀ ਉਮਰ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਭਾਈ ਦਲੀਪ ਸਿੰਘ ਨੂੰ ਬੱਬਰ ਲਹਿਰ ਦਾ ‘ਸਰਾਭਾ’ ਆਖਿਆ ਜਾ ਸਕਦਾ ਹੈ।
ਇਨ੍ਹਾਂ ਸ਼ਹੀਦਾਂ ਬਾਰੇ ਸਾਡੀ ਪੰਜਾਬੀਆਂ ਦੀ ਸੰਵੇਦਨਸ਼ੀਲਤਾ ਦੇਖੋ! ਸਮਰਾਲੇ ਵਿਚ ਸਰਕਾਰ ਵੱਲੋਂ ਸਥਾਪਤ ਸਨਅਤੀ ਸਿਖਲਾਈ ਕੇਂਦਰ ਨੂੰ ਬਾਬੂ ਸੰਤਾ ਸਿੰਘ ਦੇ ਨਾਉਂ ਨਾਲ ਸੰਬੰਧਿਤ ਕੀਤਾ ਗਿਆ ਹੈ, ਹੌਲਦਾਰ ਕਿਸ਼ਨ ਸਿੰਘ ‘ਗੜਗੱਜ’ ਦਾ ਬੁੱਤ ਪਿੰਡ ਵਾਸੀਆਂ ਨੇ ਲਗਵਾਇਆ ਹੈ, ਬਾਕੀ ਚਾਰ ਸ਼ਹੀਦ ਬਿਲਕੁਲ ਵਿਸਾਰ ਦਿੱਤੇ ਗਏ ਹਨ। ਵਰਤਮਾਨ ਸਮੇਂ ਉਨ੍ਹਾਂ ਬਾਰੇ ਸ਼ਾਇਦ ਉਨ੍ਹਾਂ ਦੇ ਪਿੰਡ ਵਾਸੀਆਂ ਨੂੰ ਵੀ ਜਾਣਕਾਰੀ ਨਾ ਹੋਵੇ!!
ਖ਼ੈਰ, ਛੇ ਬੱਬਰਾਂ ਨੂੰ ਫਾਂਸੀ, 13 ਨੂੰ ਉਮਰ ਕੈਦ ਕਾਲੇਪਾਣੀ, 4 ਨੂੰ 14 ਸਾਲ ਕੈਦ ਬਾ-ਮੁਸ਼ੱਕਤ ਕਾਲੇਪਾਣੀ ਅਤੇ ਲਗਭਗ ਦੋ ਦਰਜਨ ਹੋਰਾਂ ਨੂੰ ਵੱਡੀਆਂ ਛੋਟੀਆਂ ਸਜ਼ਾਵਾਂ ਹੋਈਆਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਬੱਬਰ ਲਹਿਰ ਦਾ ਅੰਤ ਨਹੀਂ ਹੋਇਆ। ਸਮੇਂ ਸਮੇਂ ਇਸ ਨੂੰ ਢਾਹ ਜ਼ਰੂਰ ਲੱਗੀ ਪਰ ਪਿਛਲੀਆਂ ਸ਼ਹੀਦੀਆਂ ਤੋਂ ਪ੍ਰੇਰਨਾ ਲੈ ਕੇ ਅਣਖੀ ਜੋਧੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬੱਬਰਾਂ ਦੇ ਛੋਹੇ ਕਾਰਜ ਨੂੰ ਅੱਗੇ ਵਧਾਉਂਦੇ ਰਹੇ।
ਸੰਪਰਕ: 94170-49417