ਕਾਬੁਲ, 8 ਮਈ
ਕਾਬੁਲ ਦੇ ਪੱਛਮੀ ਹਿੱਸੇ ਵਿਚ ਸ਼ੀਆ ਬਹੁਗਿਣਤੀ ਵਾਲੇ ਇਕ ਕੁੜੀਆਂ ਦੇ ਸਕੂਲ ਨੇੜੇ ਹੋਏ ਬੰਬ ਧਮਾਕੇ ਵਿਚ ਨੌਜਵਾਨ ਵਿਦਿਆਰਥੀਆਂ ਸਣੇ ਘੱਟੋ-ਘੱਟ 30 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਦੀ ਉਮਰ 11 ਤੋਂ 15 ਸਾਲ ਹੈ। ਇਹ ਜਾਣਕਾਰੀ ਅਫ਼ਗਾਨਿਸਤਾਨ ਦੀ ਸਕਰਾਰ ਦੇ ਬੁਲਾਰੇ ਨੇ ਦਿੱਤੀ। ਤਾਲਿਬਾਨ ਨੇ ਆਮ ਲੋਕਾਂ ’ਤੇ ਹੋਏ ਇਸ ਹਮਲੇ ਦੀ ਆਲੋਚਨਾ ਕੀਤੀ ਹੈ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ। ਅੰਦਰੂਨੀ ਮੰਤਰਾਲੇ ਦੇ ਤਰਜਮਾਨ ਤਾਰਿਕ ਆਰਿਆਨ ਨੇ ਦੱਸਿਆ ਕਿ ਸ਼ੀਆ ਬਹੁਗਿਣਤੀ ਵਾਲੇ ਦਸ਼ਤ-ਏ-ਬਾਰਚੀ ਇਲਾਕੇ ਵਿਚ ਸਈਦ ਅਲ-ਸ਼ਾਹਦਾ ਸਕੂਲ ਨੇੜੇ ਹੋਏ ਬੰਬ ਧਮਾਕੇ ਵਾਲੀ ਥਾਂ ਤੋਂ ਜ਼ਖ਼ਮੀਆਂ ਨੂੰ ਕੱਢਣ ਲਈ ਐਂਬੂਲੈਂਸਾਂ ਮੌਕੇ ’ਤੇ ਪਹੁੰਚ ਰਹੀਆਂ ਹਨ। ਸਿਹਤ ਮੰਤਰਾਲੇ ਦੇ ਤਰਜਮਾਨ ਗ਼ੁਲਾਮ ਦਸਤੀਗਰ ਨਜ਼ਾਰੀ ਨੇ ਕਿਹਾ ਕਿ ਭੜਕੀ ਹੋਈ ਭੀੜ ਨੇ ਐਂਬੂਲੈਂਸਾਂ ’ਤੇ ਹਮਲਾ ਕੀਤਾ ਅਤੇ ਸਿਹਤ ਕਾਮਿਆਂ ਨੂੰ ਵੀ ਕੁੱਟਿਆ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਅਤੇ ਐਂਬੂਲੈਂਸਾਂ ਨੂੰ ਘਟਨਾ ਸਥਾਨ ਤੱਕ ਜਾਣ ਦੇਣ ਦੀ ਅਪੀਲ ਕੀਤੀ। -ਏਪੀ