ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਯੂਪੀ ਪੁਲੀਸ ਨੇ ਸਾਬਕਾ ਸਿੱਖ ਫੌਜੀ ਅਫਸਰ ’ਤੇ ਤਸ਼ੱਦਦ ਢਾਹੁਣ, ਉਸ ਨਾਲ ਬਦਸਲੂਕੀ ਕਰਨ ਤੇ ਉਸ ਦੇ ਧਰਮ ਦਾ ਅਪਮਾਨ ਕਰਨ ਲਈ ਦੋਸ਼ੀ 8 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜ਼ਿਲ੍ਹਾ ਪੀਲੀਭੀਤ ਦੇ ਥਾਣਾ ਪੂਰਨਪੁਰ ਵਿਚ ਪੁਲੀਸ ਮੁਲਾਜ਼ਮ ਰਾਮ ਨਰੇਸ਼ ਸਿੰਘ, ਰਈਸ ਅਹਿਮਦ ਤੇ 6 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੇ ਹੀ ਰੇਸ਼ਮ ਸਿੰਘ ਨਾਲ ਹਿਰਾਸਤੀ ਕੁੱਟਮਾਰ ਕੀਤੀ, ਉਸ ’ਤੇ ਅਣਮਨੁੱਖੀ ਤਸ਼ੱਦਦ ਢਾਹਿਆ ਤੇ ਉਸ ਦੇ ਧਰਮ ਦਾ ਅਪਮਾਨ ਕੀਤਾ।