ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੂਨ
ਥਾਣਾ ਜਮਾਲਪੁਰ ਦੀ ਪੁਲੀਸ ਨੇ ਦਸ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵੱਲੋਂ ਸਰਕਾਰੀ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰ ਕੇ ਵਰਦੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਜਾਂਚ ਅਧਿਕਾਰੀ ਕਿਸ਼ਨ ਲਾਲ ਨੇ ਦੱਸਿਆ ਕਿ ਹੌਲਦਾਰ ਜਗਪ੍ਰੀਤ ਸਿੰਘ ਜਮਾਲਪੁਰ ਥਾਣੇ ਅਧੀਨ ਪੈਂਦੀ ਮੂੰਡੀਆਂ ਚੌਕੀ ਵਿੱਚ ਤਫ਼ਤੀਸ਼ੀ ਅਫ਼ਸਰ ਵਜੋਂ ਤਾਇਨਾਤ ਹਨ। ਪੁਲੀਸ ਪਾਰਟੀ ਸਣੇ ਉਹ ਲਛਮਣ ਨਗਰ ਮੂੰਡੀਆਂ ਵਿੱਚ ਗਸ਼ਤ ਕਰ ਰਹੇ ਸਨ ਤਾਂ ਪਤਾ ਲੱਗਾ ਕਿ ਇਲਾਕੇ ਵਿੱਚ ਕੁਝ ਲੋਕ ਦੇਰ ਰਾਤ ਉੱਚੀ ਆਵਾਜ਼ ਵਿੱਚ ਡੀਜੇ ਲਗਾ ਕੇ ਸ਼ੋਰ ਸ਼ਰਾਬਾ ਕਰ ਰਹੇ ਹਨ। ਉਹ ਇਤਲਾਹ ਮਿਲਣ ’ਤੇ ਹੋਮਗਾਰਡ ਜਵਾਨ ਰਵਿੰਦਰ ਸਿੰਘ ਨਾਲ ਡੀਜੇ ਬੰਦ ਕਰਾਉਣ ਲਈ ਗਏ ਤਾਂ ਉੱਥੇ ਇੱਕ ਵਿਅਕਤੀ ਨੇ ਡੀਜੇ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਕੁਝ ਹੋਰ ਲੋਕ ਉਸ ਦੀ ਮਦਦ ਵਿੱਚ ਆ ਗਏ ਅਤੇ ਉਨ੍ਹਾਂ ਨੇ ਮਿਲੀਭੁਗਤ ਨਾਲ ਦੋਵਾਂ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਦਿਆਂ ਗਾਲੀ-ਗਲੋਚ ਕੀਤੀ ਗਈ। ਇਸ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੇ ਮੁਲਾਜ਼ਮਾਂ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਂਦਿਆਂ ਵਰਦੀ ਪਾੜ ਦਿੱਤੀ। ਥਾਣੇਦਾਰ ਕਿਸ਼ਨ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਸਣੇ ਹੋਰ ਧਾਰਾਵਾਂ ਤਹਿਤ ਬਿੰਨੀ ਰਾਮ ਪੁਰੀ ਅਤੇ ਉਸ ਦੇ ਪੁੱਤਰਾਂ ਅਮਨ ਪੁਰੀ ਅਤੇ ਰਮੇਸ਼ ਪੁਰੀ ਤੋਂ ਇਲਾਵਾ ਰਜੇਸ਼ ਕੁਮਾਰ, ਰਵੀ ਰਾਜਪੂਤ ਅਤੇ ਚਾਰ ਪੰਜ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।