ਸਤਵਿੰਦਰ ਬਸਰਾ
ਲੁਧਿਆਣਾ, 4 ਸਤੰਬਰ
ਹਲਵਾਰਾ ਵਿੱਚ ਬਣ ਰਹੇ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਦੇ ਨਾਮ ’ਤੇ ਰੱਖਣ ਦੀ ਮੰਗ ਲਈ ਹੁਣ ਸਿੱਖ, ਪੰਥਕ ਅਤੇ ਨੌਜਵਾਨ ਜਥੇਬੰਦੀਆਂ ਵੀ ਅੱਗੇ ਆ ਗਈਆਂ ਹਨ। ਇਨ੍ਹਾਂ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀਆਂ ਦੇਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਵਫਦ ਦੀ ਅਗਵਾਈ ਇਨਕਲਾਬੀ ਜਿੰਦਾਬਾਦ ਲਹਿਰ, ਸਿੱਖ ਯੂਥ ਪਾਵਰ ਆਫ ਪੰਜਾਬ ਅਤੇ ਪੰਥਕ ਅਕਾਲੀ ਲਹਿਰ ਦੇ ਨੁਮਾਇੰਦੇ ਸੁਖਵਿੰਦਰ ਸਿੰਘ ਹਲਵਾਰਾ, ਰਾਜਦੀਪ ਸਿੰਘ ਆਂਡਲੂ, ਪ੍ਰਦੀਪ ਸਿੰਘ ਇਯਾਲੀ, ਜਰਨੈਲ ਸਿੰਘ ਬੈਂਸ, ਗੋਰਾ ਬੁਰਜ ਲਿੱਟਾਂ, ਸਮਾਜ ਸੇਵੀ ਸੰਦੀਪ ਕੌਰ ਲੋਹਟਬੱਦੀ ਤੇ ਬਿੰਦਰਜੀਤ ਸਿੰਘ ਰਾਏਕੋਟ ਆਦਿ ਕਰ ਰਹੇ ਸਨ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਉਹ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਇੰਟਰਨੈਸ਼ਨਲ ਏਅਰਪੋਰਟ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਕੱਤਰ ਵਿੰਨੀ ਮਹਾਜਨ ਨੂੰ ਵੀ ਈ-ਮੇਲ ਰਾਹੀਂ ਮੰਗ ਪੱਤਰ ਭੇਜ ਚੁੱਕੇ ਹਨ। ਇਨ੍ਹਾਂ ਮੰਗਾਂ ਪੱਤਰਾਂ ਅਤੇ ਅੱਜ ਦੇ ਮੰਗ ਪੱਤਰ ਰਾਹੀਂ ਜਿੱਥੇ ਆਪਣੀ ਮੰਗ ਨੂੰ ਦੁਹਰਾਇਆ ਗਿਆ ਹੈ ਉੱਥੇ ਹਲਕੇ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀਆਂ ਦੇਣ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਇਸ ਏਅਰਪੋਰਟ ਦਾ ਨਾਮ ਸ਼ਹੀਦ ਦੇ ਨਾਂ ’ਤੇ ਰੱਖ ਕਿ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਦੇਵੇਗੀ।