ਪੱਤਰ ਪ੍ਰੇਰਕ
ਸੰਗਤ ਮੰਡੀ, 24 ਅਗਸਤ
ਬਠਿੰਡਾ ਟਰੱਕ ਯੂਨੀਅਨ ਵਿੱਚ ਪਏ ਵਿਵਾਦ ਤੋਂ ਬਾਅਦ ਬਠਿੰਡਾ ਦਿਹਾਤੀ ਹਲਕੇ ਦੇ ਟਰੱਕ ਅਪਰੇਟਰਾਂ ਨੇ ਆਪਣੀ ਵੱਖ ਯੂਨੀਅਨ ਬਣਾ ਕੇ ਦਾਣਾ ਮੰਡੀ ਵਿੱਚ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਦੀ ਸਾਂਝੀ ਯੂਨੀਅਨ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ। ਪੁਰਾਣੀ ਯੂਨੀਅਨ ਤੋਂ ਵੱਖ ਹੋਣ ਸਬੰਧੀ ਟਰੱਕ ਅਪਰੇਟਰ ਮੁਨੀਸ਼ ਜੋਸ਼ੀ ਨੇ ਦੱਸਿਆ ਕਿ ਬਠਿੰਡਾ ਦੀ ਯੂਨੀਅਨ ਗੁੰਡਾਗਰਦੀ ਦਾ ਅੱਡਾ ਬਣ ਚੁੱਕੀ ਸੀ ਅਤੇ ਇੱਥੇ ਆਏ ਦਿਨ ਲੜਾਈ ਹੁੰਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਯੂਨੀਅਨ ਵਿੱਚ ਫਾਇਰਿੰਗ ਦੀ ਘਟਨਾ ਵੀ ਹੋਈ ਸੀ, ਜਿਸ ਕਰਕੇ ਟਰੱਕ ਅਪਰੇਟਰਾਂ ਵਿਚ ਦਹਿਸ਼ਤ ਦਾ ਮਾਹੌਲ ਸੀ। ਉਨ੍ਹਾਂ ਦੱਸਿਆ ਕਿ ਇਸ ਲਈ ਬਠਿੰਡਾ ਦਿਹਾਤੀ ਹਲਕੇ ਦੇ ਟਰੱਕ ਅਪਰੇਟਰਾਂ ਨੇ ਪੁਰਾਣੀ ਯੂਨੀਅਨ ਤੋਂ ਵੱਖ ਹੋ ਕੇ ਨਿਰੋਲ ਬਠਿੰਡਾ ਦਿਹਾਤੀ ਹਲਕੇ ਦੀ ਆਪਣੀ ਯੂਨੀਅਨ ਦਾ ਗਠਨ ਕੀਤਾ ਹੈ। ਇਸ ਮੌਕੇ ਗਮਦੂਰ ਸਿੰਘ ਫੌਜੀ, ਹਰਜੀਤ ਸਿੰਘ ਜੈ ਸਿੰਘ ਵਾਲਾ, ਜਸਪ੍ਰੀਤ ਸਿੰਘ ਕੋਟਸ਼ਮੀਰ, ਇਕਬਾਲ ਸਿੰਘ, ਜਗਰਾਜ ਸਿੰਘ, ਬਲਕਰਨ ਸਿੰਘ, ਗਗਨਦੀਪ ਸਿੰਘ, ਦਰਸ਼ਨ ਸਿੰਘ ਬੰਬੀਹਾ, ਹਰੀ ਸਿੰਘ ਬਾਜਕ, ਮਨਜੀਤ ਸਿੰਘ ਬੰਬੀਹਾ, ਲੱਖਾ ਸਿੰਘ ਕਟਾਰ ਸਿੰਘ ਵਾਲਾ, ਮੇਜਰ ਸਿੰਘ ਕਟਾਰ ਸਿੰਘ ਵਾਲਾ ਆਦਿ ਅਪਰੇਟਰ ਹਾਜ਼ਰ ਹਨ।