ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜਨਵਰੀ
ਦਿੱਲੀ ਕਮੇਟੀ ਦੇ ਗਵਰਨਿੰਗ ਹਾਊਸ ਦੀ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਸੀਆਰਪੀਐੱਫ਼ ਸੱਦਣੀ ਪਈ। 1999 ਮਗਰੋਂ ਇਹ ਦੂਜੀ ਵਾਰ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਬਲ ਮੰਗਵਾਉਣਾ ਪਿਆ ਹੋਵੇ। ਪਹਿਲਾਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਨਿਗਰਾਨੀ ਹੇਠ ਚੋਣ ਅਮਲ ਸ਼ੁਰੂ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮੇਟੀ ਦੇ ਨਵੇਂ ਪ੍ਰਧਾਨ ਲਈ ਹਰਮੀਤ ਸਿੰਘ ਕਾਲਕਾ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਪਰਮਜੀਤ ਸਿੰਘ ਸਰਨਾ ਦਾ ਨਾਂ ਪੇਸ਼ ਕੀਤਾ ਗਿਆ। ਹਾਲੇ ਸਿਰਫ਼ ਦੋ ਵੋਟਾਂ ਹੀ ਪਈਆਂ ਸਨ ਕਿ ਸੁਖਬੀਰ ਸਿੰਘ ਕਾਲੜਾ ’ਤੇ ਵੋਟ ਪਾਉਣ ਵਾਲੀ ਪਰਚੀ ਦਿਖਾਉਣ ਦੇ ਦੋਸ਼ ਲਾਉਂਦਿਆਂ ਉੱਥੇ ਹੰਗਾਮਾ ਮੱਚ ਗਿਆ। ਸਰਨਾ ਧੜੇ ਵਿੱਚੋਂ ਬਾਦਲ ਧੜੇ ਵਿੱਚ ਆਏ ਸੁਖਬੀਰ ਸਿੰਘ ਕਾਲੜਾ ’ਤੇ ਸਰਨਾ ਧੜੇ ਵੱਲੋਂ ਆਪਣੀ ਵੋਟ ਪਾਉਣ ਵਾਲੀ ਪਰਚੀ ਦਿਖਾਉਣ ਦਾ ਦੋਸ਼ ਲਗਾਇਆ ਗਿਆ। ਸਰਨਾ ਧੜੇ ਵੱਲੋਂ ਉਕਤ ਵੋਟ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਇਸ ਗੱਲ ’ਤੇ ਦੋਵੇਂ ਧਿਰਾਂ ਵਿੱਚ ਤਕਰਾਰ ਸ਼ੁਰੂ ਹੋ ਗਈ।
ਇਸ ਮਗਰੋਂ ਮੈਂਬਰ ਤੇਜਿੰਦਰ ਸਿੰਘ ਗੋਪਾ ਨੇ ਕਾਨਫਰੰਸ ਹਾਲ ’ਚੋਂ ਬਾਹਰ ਆ ਕੇ ਮੰਗ ਕੀਤੀ ਕਿ ਕਾਲੜਾ ਦੀ ਵੋਟ ਰੱਦ ਕੀਤੀ ਜਾਵੇ ਅਤੇ ਬਾਕੀ 49 ਵੋਟਾਂ ਗੁਪਤ ਢੰਗ ਨਾਲ ਪਵਾਉਣੀਆਂ ਯਕੀਨੀ ਬਣਾਈਆਂ ਜਾਣ। ਦੂਜੇ ਪਾਸੇ ਬਾਦਲ ਧੜੇ ਦੇ ਮੈਂਬਰ ਅਮਰਜੀਤ ਸਿੰਘ ਪੱਪੂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਝਾਅ ਦਿੱਤਾ ਹੈ ਕਿ ਕਾਲੜਾ ਦੀ ਵੋਟ ਨਾਲ ਸਬੰਧਤ ਪਰਚੀ ਗੁਰੂ ਗ੍ਰੰਥ ਸਾਹਿਬ ਅੱਗੇ ਰਖਵਾ ਲਈ ਜਾਵੇ। ਇਹ ਸੁਝਾਅ ਸਰਨਾ ਧੜੇ ਨੇ ਰੱਦ ਕਰ ਦਿੱਤਾ। ਹਾਲਾਤ ਵਿਗੜਦੇ ਦੇਖ ਚੋਣ ਡਾਇਰੈਕਟਰ ਨਰਿੰਦਰ ਸਿੰਘ ਰਕਾਬਗੰਜ ਪਹੁੰਚੇ ਅਤੇ ਪ੍ਰੋਟੈਮ ਚੇਅਰਮੈਨ ਬਣਾਏ ਗਏ ਰਮੇਸ਼ ਨਗਰ ਵਾਰਡ ਤੋਂ ਜਿੱਤੇ ਗੁਰਦੇਵ ਸਿੰਘ ਨੇ ਪੁਲੀਸ ਸੁਰੱਖਿਆ ਦੀ ਮੰਗ ਕੀਤੀ।
ਇਸ ਮਗਰੋਂ ਤੀਸ ਹਜ਼ਾਰੀ ਅਦਾਲਤ ਵੱਲੋਂ ਸਿਵਲ ਲਾਈਨਜ਼ ਤੋਂ ਜਿੱਤੇ ਬਾਦਲ ਧੜੇ ਦੇ ਮੈਂਬਰ ਜਸਬੀਰ ਸਿੰਘ ਜੱਸੀ ਦੀ ਵੋਟ ਨੂੰ ਸੀਲਬੰਦ ਕਰਨ ਦਾ ਹੁਕਮ ਦਿੱਤਾ ਗਿਆ। ਹੁਣ ਜੱਸੀ ਦੀ ਵੋਟ 25 ਜਨਵਰੀ ਨੂੰ ਅਦਾਲਤ ਵਿੱਚ ਖੋਲ੍ਹੀ ਜਾਵੇਗੀ।