ਹਰਜੀਤ ਸਿੰਘ ਪਰਮਾਰ
ਬਟਾਲਾ, 8 ਮਈ
ਪੁਲੀਸ ਨੇ ਪਿਛਲੇ ਕੁੱਝ ਸਮੇਂ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਹਰਵਿੰਦਰ ਸਿੰਘ ਮੰਨੂ ਵੱਲੋਂ ਜੇਲ੍ਹ ’ਚੋਂ ਹੀ ਚਲਾਏ ਜਾ ਰਹੇ ਡਰੱਗ ਨੈੱਟਵਰਕ ਦਾ ਅੱਜ ਪਰਦਾਫਾਸ਼ ਕੀਤਾ ਹੈ। ਐੱਸਪੀ (ਆਈ) ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਸੀਆਈਏ ਸਟਾਫ ਬਟਾਲਾ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਅਤੇ ਥਾਣਾ ਡੇਰਾ ਬਾਬਾ ਨਾਨਕ ਦੇ ਮੁਖੀ ਅਨਿਲ ਪਵਾਰ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਗੈਂਗਸਟਰ ਮੰਨੂ ਵਾਸੀ ਮਹਿਮੇਚੱਕ ਵੱਲੋਂ ਜੇਲ੍ਹ ’ਚੋਂ ਚਲਾਏ ਜਾ ਰਹੇ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਥਾਣਾ ਡੇਰਾ ਬਾਬਾ ਨਾਨਕ ਦੀ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਹਕੀਮਪੁਰ ਦੇ ਵਿਜੈ ਮਸੀਹ ਵਾਸੀ ਅਤੇ 26 ਅਪਰੈਲ ਨੂੰ ਥਾਣਾ ਸੇਖਵਾਂ ਦੀ ਪੁਲੀਸ ਨੇ ਕਾਲਾ ਅਫਗਾਨਾ ਦੇ ਰੋਬਿਨ ਮਸੀਹ ਨੂੰ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਸੀ। ਜਦੋਂ ਇਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਗੈਂਗਸਟਰ ਮੰਨੂ ਵੱਲੋਂ ਚਲਾਏ ਜਾ ਰਹੇ ਡਰੱਗ ਨੈੱਟਵਰਕ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਦੱਸਿਆ ਕਿ ਰੋਬਿਨ ਹੈਰੋਇਨ ਵੇਚਦਾ ਸੀ ਅਤੇ ਉਸ ਤੋਂ ਇਕੱਠੀ ਹੋਈ ਡਰੱਗ ਮਨੀ ਮੰਨੂ ਦੇ ਚਾਚੇ ਦੇ ਲੜਕੇ ਰਣਜੀਤ ਸਿੰਘ ਨੂੰ ਦਿੰਦਾ ਸੀ। ਰਣਜੀਤ ਇਹ ਪੈਸੇ ਉਸ ਦੇ ਜੀਜੇ ਗੁਰਦੀਪ ਸਿੰਘ ਘਰ ਪਹੁੰਚਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋੋਲੋਂ 300 ਗ੍ਰਾਮ ਹੈਰੋਇਨ, ਦੋ ਪਿਸਤੌਲ, ਦੋ ਗੱਡੀਆਂ ਅਤੇ ਸਵਾ ਪੰਜ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।