ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਈ
ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਵਿੱਚ ਤਕਨੀਕੀ ਨੁਕਸ ਕਾਰਨ ਦੂਜਾ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਵੇਦਾਂਤਾ ਕੰਪਨੀ ਵੱਲੋਂ ਲਾਏ ਗਏ ਇਸ ਪਲਾਂਟ ਵਿੱਚ ਇਸ ਵੇਲੇ ਸਿਰਫ਼ ਇੱਕ ਯੂਨਿਟ ਹੀ ਕੰਮ ਕਰ ਰਿਹਾ ਹੈੈ। ਇਹ ਤਾਪ ਘਰ 1980 ਮੈਗਾਵਾਟ ਦੀ ਸਮਰੱਥਾ ਰੱਖਦਾ ਹੈ।
ਤਾਪ ਘਰ ਦੇ ਪ੍ਰਬੰਧਕਾਂ ਵੱਲੋਂ ਦੋ ਯੂਨਿਟ ਬੰਦ ਹੋਣ ਸਬੰਧੀ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਪ੍ਰਬੰਧਕਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਵੇਲੇ ਤਾਪ ਘਰ ਦਾ ਇੱਕ ਯੂਨਿਟ ਲਗਪਗ 660 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਵੇਰਵਿਆਂ ਮੁਤਾਬਕ ਤਕਨੀਕੀ ਨੁਕਸ ਕਾਰਨ ਤਾਪ ਘਰ ਦਾ ਇੱਕ ਯੂਨਿਟ ਲੰਮੇ ਸਮੇਂ ਤੋਂ ਬੰਦ ਹੈ ਅਤੇ ਦੂਜਾ ਯੂਨਿਟ ਬੀਤੀ ਰਾਤ ਅਚਾਨਕ ਬੰਦ ਹੋ ਗਿਆ। ਬੀਤੀ ਰਾਤ ਬੰਦ ਹੋਇਆ ਯੂਨਿਟ ਇੱਕ-ਦੋ ਦਿਨਾਂ ਤੱਕ ਠੀਕ ਹੋਣ ਦੀ ਸੰਭਾਵਨਾ ਹੈ।
ਤਾਪ ਘਰ ਦੇ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵੇਲੇ ਸੂਬੇ ਨੂੰ ਜਿੰਨੀ ਬਿਜਲੀ ਦੀ ਲੋੜ ਹੈ, ਉਸ ਮੁਤਾਬਕ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਅਗਲੇ ਦਿਨਾਂ ਵਿੱਚ ਗਰਮੀ ਦਾ ਜ਼ੋਰ ਪੈਣ ਤੋਂ ਪਹਿਲਾਂ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਤਿੰਨੇ ਯੂਨਿਟ ਬਿਜਲੀ ਪੈਦਾ ਕਰਨ ਯੋਗ ਹੋ ਜਾਣਗੇ।