ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਫੈਕਲਟੀ ਆਫ਼ ਆਰਟਸ ਤੱਕ ਰੋਸ ਰੈਲੀ ਕੀਤੀ। ਇਹ ਰੈਲੀ ਦਾਖਲੇ ਲਈ ਇੰਟਰਵਿਊ ਦੇ ਮਾਪਦੰਡ ਨੂੰ ਤੁਰੰਤ ਖਤਮ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੈ। ਇਸ ਦੌਰਾਨ ਵਿਦਿਆਰਥੀ ਕਾਰਕੁਨਾਂ ਨੇ ਸੇਂਟ ਸਟੀਫਨ ਕਾਲਜ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਡੀਯੂ ਦੇ ਵਾਈਸ-ਚਾਂਸਲਰ ਨੂੰ ਮੰਗ ਪੱਤਰ ਵੀ ਸੌਂਪਿਆ। ਜ਼ਿਕਰਯੋਗ ਹੈ ਕਿ ਡੀਯੂ ਵਿੱਚ ਇਸ ਸਾਲ ਤੋਂ ਕਾਮਨ ਯੂਨੀਵਰਸਿਟੀਜ਼ ਐਂਟਰੈਂਸ ਟੈਸਟ ਲਾਗੂ ਹੋਣ ਜਾ ਰਿਹਾ ਹੈ। ਸੇਂਟ ਸਟੀਫਨ ਕਾਲਜ ਨੇ ਦਾਖਲਿਆਂ ਲਈ ਕਾਮਨ ਯੂਨੀਵਰਸਿਟੀਜ਼ ਐਂਟਰੈਂਸ ਟੈਸਟ ਤੋਂ ਇਲਾਵਾ ਇੱਕ ਇੰਟਰਵਿਊ ਮਾਪਦੰਡ ਦਾ ਐਲਾਨ ਕੀਤਾ ਹੈ।
‘ਕੇਵਾਈਐਸ’ ਨੇ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਪ੍ਰਕਿਰਿਆ ਵਿੱਚ 20 ਫੀਸਦੀ ਪੁਆਇੰਟ ਯਕੀਨੀ ਬਣਾਏ ਜਾਣ, ਸੀਟਾਂ ਦੀ ਗਿਣਤੀ ਵਧਾਈ ਜਾਵੇ ਤੇ ਸਾਰੇ ਰੈਗੂਲਰ ਕਾਲਜਾਂ ਵਿੱਚ ਸ਼ਾਮ ਦੀ ਸ਼ਿਫਟ ਸ਼ੁਰੂ ਕੀਤੀ ਜਾਵੇ। ਵਿਦਿਆਰਥੀਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਕੇਵਾਈਐੱਸ ਨੇ ਕੱਲ੍ਹ 7 ਜੂਨ ਤੋਂ ਨਾਰਥ ਕੈਂਪਸ ਵਿੱਚ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ ਕੀਤਾ ਹੈ।
ਵਿਦਿਆਰਥੀ ਆਗੂਆਂ ਮੁਤਾਬਕ ਸੇਂਟ ਸਟੀਫਨ ਕਾਲਜ ਵਿੱਚ ਪਿਛਲੇ ਲੰਮੇ ਸਮੇਂ ਤੋਂ ਦਾਖ਼ਲੇ ਲਈ ਇੰਟਰਵਿਊ ਲਈ ਜਾ ਰਹੀ ਹੈ। ਅਜਿਹੇ ਮਾਪਦੰਡ ਲਗਾਤਾਰ ਵਾਂਝੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਕਾਲਜ ਦਾਖਲਾ ਲੈਣ ਤੋਂ ਰੋਕਣ ਲਈ ਤੇ ਇਸ ਤਰ੍ਹਾਂ ਚੋਣਵੇਂ ਪਰਿਵਾਰਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਪੱਖਪਾਤੀ ਹੈ ਤੇ ਸਿੱਖਿਆ ਵਿੱਚ ਵਿਸ਼ੇਸ਼ ਅਧਿਕਾਰ ਦੇ ਖਾਤਮੇ ਵਿਰੁੱਧ ਇਤਿਹਾਸਕ ਸੰਘਰਸ਼ਾਂ ਦੀਆਂ ਕਦਰਾਂ-ਕੀਮਤਾਂ ਦੇ ਉਲਟ ਹੈ।