ਪੱਤਰ ਪ੍ਰੇਰਕ
ਕਾਲਾਂਵਾਲੀ, 8 ਮਈ
ਇੱਥੋਂ ਦੇ ਰੇਲਵੇ ਫਾਟਕ ਦੇ ਨੇੜੇ ਸਥਿਤ ਰੇਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਅੱਜ ਸਵੇਰੇ ਅੱਗ ਲੱਗਣ ਨਾਲ ਦੁਕਾਨ ਵਿੱਚ ਪਏ ਲੱਖਾਂ ਰੁਪਏ ਦੇ ਕੱਪੜੇ ਅਤੇ ਹੋਰ ਸਾਮਾਨ ਸੜ ਕੇ ਰਾਖ ਹੋ ਗਿਆ। ਕਾਲਾਂਵਾਲੀ ਅਤੇ ਡੱਬਵਾਲੀ ਤੋਂ ਪਹੁੰਚੀਆਂ ਚਾਰ ਫਾਇਰ ਬ੍ਰਿਗੇਡ ਦੀ ਗੱਡੀਆਂ ਨੇ ਤਿੰਨ ਘੰਟੇ ਦੀ ਮੁਸ਼ਕਤ ਬਾਅਦ ਅੱਗ ਉੱਤੇ ਕਾਬੂ ਪਾਇਆ। ਇਸ ਅੱਗ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਨਾਇਬ ਤਹਿਸੀਲਦਾਰ ਰਾਮ ਨਿਵਾਸ ਅਤੇ ਥਾਣਾ ਮੁੱਖੀ ਰਾਜਾ ਰਾਮ ਪੁਲੀਸ ਦੀ ਟੀਮ ਨਾਲ ਮੌਕੇ ਉੱਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਸਵੇਰੇ ਕਰੀਬ ਸੱਤ ਵਜੇ ਸੜਕ ਤੋਂ ਜਾਂਦੇ ਰਾਹਗੀਰਾਂ ਦੁਕਾਨ ਵਿੱਚੋਂ ਨਿਕਲ ਰਹੇ ਧੂੰਏ ਨੂੰ ਦੇਖ ਕੇ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਨੂੰ ਸੂਚਨਾ ਦਿੱਤੀ। ਇਸ ਅੱਗ ਦੀ ਸੂਚਨਾ ਮਿਲਣ ਉੱਤੇ ਮਾਰਕੀਟ ਕਮੇਟੀ ਦੀਆਂ ਦੋ ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਉਨਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡੱਬਵਾਲੀ ਤੋਂ ਦੋ ਹੋਰ ਫਾਇਰ ਬ੍ਰਿਗੇਡ ਗੱਡੀਆਂ ਮੰਗਵਾਈਆਂ। ਦੁਕਾਨ ਦੀ ਚੌੜਾਈ ਘੱਟ ਹੋਣ ਅਤੇ ਅੰਦਰ ਜਾਣ ਦਾ ਕੋਈ ਹੋਰ ਰਸਤਾ ਨਾ ਹੋਣ ਦੇ ਕਾਰਨ ਅੱਗ ਬੁਝਾਉਣ ਲਈ ਕਾਫ਼ੀ ਮੁਸ਼ਕਤ ਕਰਨੀ ਪਈ। ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਕਰਮਚਾਰੀਆਂ ਨੂੰ ਦੁਕਾਨ ਦੀ ਪਿੱਛਲੀ ਕੰਧ ਤੋੜਨੀ ਪਈ।
ਦੁਕਾਨ ਮਾਲਿਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਗ ਦੀ ਇਸ ਘਟਨਾ ਨਾਲ ਦੁਕਾਨ ਦੇ ਅੰਦਰ ਪਏ ਕਰੀਬ 20 ਤੋਂ 25 ਲੱਖ ਰੁਪਏ ਦਾ ਕੱਪੜੇ, ਫਰਨੀਚਰ ਤੇ ਅਲਮਾਰੀਆਂ ਸਣੇ ਹੋਰ ਕੀਮਤੀ ਸਾਮਾਨ ਸੜ ਕੇ ਰਾਖ ਹੋ ਗਿਆ। ਉਨ੍ਹਾਂ ਕਿਹਾ ਕਿ ਸ਼ਾਟ ਸਕਰਟ ਦੇ ਕਾਰਨ ਹੀ ਅੱਗ ਲੱਗੀ ਹੈ।