ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੂਨ
ਇੱਕ ਮੀਡੀਆ ਹਾਊਸ ਵੱਲੋਂ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇ ਰਹੇ ਟਵਿੱਟਰ ਅਕਾਊਂਟ ‘ਟਰੈਕਟਰ ਟੂ ਟਵਿੱਟਰ’ ਨੂੰ ਮਾਣਹਾਨੀ ਦਾ ਨੋਟਿਸ ਭੇਜਣ ਦੀ ਕਿਸਾਨ ਆਗੂਆਂ ਨੇ ਸਖ਼ਤ ਨਿੰਦਾ ਕੀਤੀ ਤੇ ਦੋਸ਼ ਲਾਇਆ ਕਿ ਇਹ ਕਾਰਵਾਈ ਕਿਸਾਨਾਂ ਦੀ ਆਵਾਜ਼ ਦਬਾਉਣ ਬਰਾਬਰ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ‘ਇੱਕ ਮੀਡੀਆ ਸੰਗਠਨ ਦੁਆਰਾ ਟਵਿੱਟਰ ਅਕਾਉਂਟ ਟਰੈਕਟਰ ਟੂ ਟਵਿੱਟਰ ਨੂੰ ਮਾਣਹਾਨੀ ਦਾ ਇੱਕ ਨੋਟਿਸ ਭੇਜਿਆ ਗਿਆ ਹੈ, ਜਿਸ ਨੇ ਕਿਸਾਨਾਂ ਦੇ ਅੰਦੋਲਨ ਤੇ ਕਿਸਾਨਾਂ ਦੀ ਆਵਾਜ਼ ਨੂੰ ਅੱਗੇ ਰੱਖਣ ਦਾ ਕੰਮ ਕੀਤਾ ਹੈ ਅਤੇ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ। ਇਹ ਅਕਾਊਂਟ ਤੱਥਾਂ ਦੇ ਆਧਾਰ ’ਤੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ। ਇਸ ਤਰ੍ਹਾਂ ਮਾਣਹਾਨੀ ਦੇ ਨੋਟਿਸ ਭੇਜਣੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹਨ। ਸੰਯੁਕਤ ਕਿਸਾਨ ਮੋਰਚਾ ਇਸ ਕਦਮ ਦੀ ਸਖਤ ਨਿਖੇਦੀ ਕਰਦਾ ਹੈ।
ਇਸ ਅਕਾਊਂਟ ਨਾਲ ਸਬੰਧਤ ਨੌਜਵਾਨ ਸਾਰੀ ਕਾਨੂੰਨੀ ਕਾਰਵਾਈ ’ਚ ਸ਼ਾਮਲ ਹੋਣਗੇ ਤੇ ਆਪਣਾ ਪੱਖ ਪੇਸ਼ ਕਰਨਗੇ’। ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਟੋਹਾਣਾ (ਹਰਿਆਣਾ) ਵਿੱਚ ਪ੍ਰਦਰਸ਼ਨ ਦੌਰਾਨ ਹੋਈ ਕਿਸਾਨਾਂ ਦੀ ਮੀਟਿੰਗ ਵਿੱਚ ਇਹ ਫੈ਼ਸਲਾ ਲਿਆ ਗਿਆ ਕਿ 7 ਜੂਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹਰਿਆਣਾ ਦੇ ਸਾਰੇ ਥਾਣਿਆਂ ਦਾ ਘਿਰਾਓ ਜਾਵੇਗਾ। ਇਹ ਫੈ਼ਸਲਾ ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਵੱਲੋਂ ਕਿਸਾਨਾਂ ਨਾਲ ਬਦਸਲੂਕੀ ਕਰਨ ਅਤੇ ਕਿਸਾਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਲਿਆ ਗਿਆ ਹੈ। ਜੇਕਰ ਕਿਸਾਨਾਂ ਖ਼ਿਲਾਫ਼ ਦਰਜ ਕੇਸ 7 ਜੂਨ ਤੱਕ ਵਾਪਸ ਨਹੀਂ ਕੀਤੇ ਜਾਂਦੇ ਤੇ ਵਿਧਾਇਕ ਬਬਲੀ ਮੁਆਫੀ ਨਹੀਂ ਮੰਗਦੇ ਤਾਂ 11 ਤੇ 12 ਜੂਨ ਨੂੰ ਟੋਹਾਣਾ ‘ਚ ਮੁੜ ਪ੍ਰਦਰਸ਼ਨ ਜਾਵੇਗਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸ਼ਾਹਜਹਾਨਪੁਰ ਮੋਰਚੇ ’ਤੇ ਵੀ ਭਾਰੀ ਨੁਕਸਾਨ ਤੋਂ ਬਾਅਦ ਲੋਕਾਂ ਤੇ ਲੋਕ ਭਲਾਈ ਦੀਆਂ ਸੰਸਥਾਵਾਂ ਦੁਆਰਾ ਕਿਸਾਨਾਂ ਦੇ ਤੰਬੂ ਤੇ ਹੋਰ ਪ੍ਰਬੰਧ ਕੀਤੇ ਗਏ ਹਨ। ਹੁਣ ਕਿਸਾਨਾਂ ਨੇ ਪਹਿਲਾਂ ਨਾਲੋਂ ਬਿਹਤਰ ਤੰਬੂ ਲਗਾਏ ਹਨ। ਕਿਸਾਨ ਹੁਣ ਲੰਬੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ।
ਪਹਿਲਾਂ ਕਿਸਾਨਾਂ ਨੇ 6 ਮਹੀਨੇ ਦੀ ਤਿਆਰੀ ਕੀਤੀ ਸੀ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ, ਉਦੋਂ ਤੱਕ ਇਹ ਧਰਨਾ ਖਤਮ ਨਹੀਂ ਕੀਤਾ ਜਾਵੇਗਾ।