ਦਵਿੰਦਰ ਸਿੰਘ
ਯਮੁਨਾਨਗਰ, 22 ਜਨਵਰੀ
ਭਾਰੀ ਬਰਸਾਤ ਅਤੇ ਹੱਡ ਚੀਰਵੀਂ ਠੰਢ ਦੇ ਬਾਵਜੂਦ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਅੱਜ ਅਗਰਸੈਨ ਚੌਕ ਨੇੜੇ ਪ੍ਰਦਰਸ਼ਨ ਕੀਤਾ ਅਤੇ ਹਰਿਆਣਾ ਸਰਕਾਰ ਦੀ ਵਾਅਦਾਖ਼ਿਲਾਫ਼ ਵਿਰੁੱਧ ਨਾਅਰੇਬਾਜ਼ੀ ਕੀਤੀ। ਅੱਜ ਦੇ ਮੁਜ਼ਾਹਰੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਰੇਖਾ ਸੈਣੀ ਨੇ ਕੀਤੀ। ਜਦੋਂ ਸਿੱਖਿਆ ਮੰਤਰੀ ਨੂੰ ਇਸ ਧਰਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਡੀਐੱਸਪੀ ਰਜਤ ਗੁਲੀਆ ਰਾਦੌਰ ਰਾਹੀਂ ਆਂਗਣਵਾੜੀ ਵਰਕਰਾਂ ਦੇ ਪ੍ਰਤਿਨਿਧ ਮੰਡਲ ਨੂੰ ਗੱਲਬਾਤ ਕਰਨ ਦਾ ਸੱਦਾ ਭੇਜਿਆ। ਇਸ ਮਗਰੋਂ ਰੇਖਾ ਸੈਣੀ, ਅਮਰੀਨ, ਦਯਾਵਤੀ, ਸੀਟੂ ਨੇਤਾ ਵਿਨੋਦ ਤਿਆਗੀ, ਗੁਲਸ਼ਨ ਭਾਰਦਵਾਜ ਗੱਲਬਾਤ ਲਈ ਸਿੱਖਿਆ ਮੰਤਰੀ ਦੇ ਨਿਵਾਸ ਸਥਾਨ ’ਤੇ ਗਏ ਅਤੇ ਉੱਥੇ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਪੱਤਰ ਦਿੱਤਾ। ਇਸ ਦੌਰਾਨ ਸਿੱਖਿਆ ਮੰਤਰੀ ਅਤੇ ਪ੍ਰਤਿਨਿਧ ਮੰਡਲ ਦੇ ਵਿਚਾਲੇ ਲੰਮੀ ਚਰਚਾ ਹੋਈ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਵਰਕਰਾਂ ਨਾਲ ਕੀਤੇ ਗਏ ਵਾਅਦਿਆਂ ਅਤੇ ਐਲਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਕਰਮਚਾਰੀਆਂ ਨੇ ਮੁੱਖ ਮੰਤਰੀ ਵੱਲੋਂ 29 ਦਸੰਬਰ ਨੂੰ ਕੀਤੇ ਗਏ ਐਲਾਨ ਲਾਗੂ ਕਰਨ ਦੀ ਮੰਗ ਕੀਤੀ, ਮਹਿੰਗਾਈ ਭੱਤੇ ਦੀਆਂ ਸਾਰੀਆਂ ਕਿਸ਼ਤਾਂ ਦੇਣ, ਨਵੀਂ ਸਿੱਖਿਆ ਨੀਤੀ ਵਾਪਸ ਲੈਣ ਅਤੇ ਉਨ੍ਹਾਂ ਦੇ ਵਿਭਾਗ ਦਾ ਨਿੱਜੀਕਰਣ ਨਾ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਵਰਕਰਾਂ ਨੇ ਬਸ ਸਟੈਂਡ ਜਗਾਧਰੀ ਤਕ ਪ੍ਰਦਰਸ਼ਨ ਕਰ ਕੇ ਧਰਨਾ ਖਤਮ ਕੀਤਾ। ਇਸ ਮੌਕੇ ਮਹੀਪਾਲ, ਜਰਨੈਲ ਸਿੰਘ ਚਨਾਲੀਆ, ਰਾਜਿੰਦਰ ਸਿੰਘ, ਮਹਿੰਦਰ ਸਿੰਘ, ਸੁਨੀਤ ਕਰੇੜਾ, ਬਲਜਿੰਦਰ, ਕਰਮੋ ਦੇਵੀ ਸਮੇਤ ਹੋਰ ਮੁਲਾਜ਼ਮ ਆਗੂ ਵੀ ਹਾਜ਼ਰ ਸਨ।
ਕਿਸਾਨਾਂ, ਅਧਿਆਪਕਾਂ ਤੇ ਮੁਲਾਜ਼ਮਾਂ ਵੱਲੋਂ ਧਰਨੇ ਦਾ ਸਮਰਥਨ
ਅੱਜ ਦੇ ਪ੍ਰਦਰਸ਼ਨ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਾਂਗਵਾਨ, ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਕੰਬੋਜ, ਰਾਕੇਸ਼ ਧਨਖੜ, ਪੀਡਬਲਿਊਡੀ ਦੇ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਕੁਮਾਰ ਨੇ ਵੀ ਅਪਣਾ ਸਮਰਥਨ ਦਿੱਤਾ ਅਤੇ ਕਿਹਾ ਕਿ ਸਰਕਾਰ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਵਾਪਸ ਲੈ ਲੈਣਾ ਚਾਹੀਦਾ ਹੈ ਕਿਉਂਕਿ ਅੱਜ ਪ੍ਰਦੇਸ਼ ਭਰ ਵਿੱਚ ਲਗਪਗ 52 ਹਜ਼ਾਰ ਆਂਗਣਵਾੜੀ ਵਰਕਰ ਅਤੇ ਹੈਲਪਰ ਠੰਢ ਅਤੇ ਬਰਸਾਤ ਵਿੱਚ ਸੜਕਾਂ ’ਤੇ ਰੁਲ ਰਹੀਆਂ ਹਨ।