ਜੰਮੂ, 15 ਜੁਲਾਈ
ਤਿੰਨੋਂ ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਜੰਮੂ ਵਿੱਚ ਕੰਟਰੋਲ ਰੇਖਾ ਦੇ ਨਾਲ ਮੂਹਰਲੀਆਂ ਚੌਕੀਆਂ ਦਾ ਦੌਰਾ ਕਰਕੇ ਥਲ ਸੈਨਾ ਦੀਆਂ ਅਪਰੇਸ਼ਨਲ ਤਿਆਰੀਆਂ ਤੇ ਜੰਮੂ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਫੀਲਡ ਕਮਾਂਡਰਾਂ ਨਾਲ ਥਲ ਸੈਨਾ ਦੀਆਂ ਅਪਰੇਸ਼ਨਲ ਤਿਆਰੀਆਂ, ਸੁਰੱਖਿਆ ਹਾਲਾਤ ਤੇ ਘੁਸਪੈਠ ਦੀ ਕਿਸੇ ਵੀ ਕਾਰਵਾਈ ਦੇ ਟਾਕਰੇ ਲਈ ਬਣਾਏ ਗਰਿੱਡ ਦਾ ਜਾਇਜ਼ਾ ਲਿਆ। ਜਨਰਲ ਬਿਪਿਨ ਰਾਵਤ ਨੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਤੇ ਪੁਣਛ ਦੀਆਂ ਮੂਹਰਲੀਆਂ ਚੌਕੀਆਂ ਦੀ ਅਜਿਹੇ ਮੌਕੇ ਫੇਰੀ ਪਾਈ ਹੈ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦੇ ਯਤਨ ਤੇਜ਼ ਹੋ ਗਏ ਹਨ ਤੇ ਕੰਟਰੋਲ ਰੇਖਾ ਨਾਲ ਖਹਿੰਦੇ ਇਨ੍ਹਾਂ ਸਰਹੱਦੀ ਸੈਕਟਰਾਂ ਵਿਚ ਡਰੋਨਾਂ ਰਾਹੀਂ ਹਥਿਆਰ ਸੁੱਟੇ ਜਾ ਰਹੇ ਹਨ। -ਪੀਟੀਆਈ
ਪੋਖਰਨ ਪੁੱਜੇ ਜਨਰਲ ਨਰਵਾਣੇ
ਨਵੀਂ ਦਿੱਲੀ: ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਨੇ ਅੱਜ ਪੋਖਰਨ ਦਾ ਦੌਰਾ ਕਰਕੇ ਵੱਖ ਵੱਖ ਛੋਟੀਆਂ ਤੋਪਾਂ ਦੀ ਫਾਇਰਿੰਗ ਵੇਖੀ। ਇਨ੍ਹਾਂ ਵਿੱਚ ਕੁਝ ਤੋਪਾਂ ਪੋਖਰਨ ਦੇ ਸਥਾਨਕ ਨਿਰਮਾਤਾਵਾਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਜਨਰਲ ਨਰਵਾਣੇ ਮਗਰੋਂ ਜੈਸਲਮੇਰ ਮਿਲਟਰੀ ਸਟੇਸ਼ਨ ਵੀ ਗਏ, ਜਿੱਥੇ ਸੀਨੀਅਰ ਕਮਾਂਡਰਾਂ ਨੇੇ ਉਨ੍ਹਾਂ ਨੂੰ ਖਿੱਤੇ ਵਿੱਚ ਥਲ ਸੈਨਾ ਦੀਆਂ ਅਪਰੇਸ਼ਨਲ ਤਿਆਰੀਆਂ ਬਾਰੇ ਦੱਸਿਆ। ਥਲ ਸੈਨਾ ਮੁਖੀ ਦੇ ਜੈਸਲਮੇਰ ਪੁੱਜਣ ਮੌਕੇ ਦੱਖਣੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਜੇ.ਐੱਸ.ਨੈਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਜਨਰਲ ਨਰਵਾਣੇ ਨੇ ਇਸ ਮੌਕੇ ਕੋਨਾਰਕ ਕੋਰ ਦੇ ਜਵਾਨਾਂ ਨੂੰ ਵੀ ਮਿਲੇ ਤੇ ਸਿਖਲਾਈ ਤੇ ਪੇਸ਼ੇਵਾਰਾਨਾ ਪਹੁੰਚ ਦੇ ਸਿਖਰਲੇ ਮਿਆਰਾਂ ਨੂੰ ਕਾਇਮ ਰੱਖਣ ਦੀ ਨਸੀਹਤ ਦਿੱਤੀ। ਥਲ ਸੈਨਾ ਮੁਖੀ ਨੇ ਕੋਵਿਡ-19 ਮਹਾਮਾਰੀ ਦੇ ਟਾਕਰੇ ਲਈ ਸਿਵਲ ਅਥਾਰਿਟੀਜ਼ ਦੀ ਸਹਾਇਤਾ ਨੂੰ ਲੈ ਕੇ ਕੀਤੇ ਪ੍ਰਬੰਧਾਂ ਤੇ ਹੋਰ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ