ਪਾਲ ਸਿੰਘ ਨੌਲੀ
ਜਲੰਧਰ, 22 ਜਨਵਰੀ
ਚੋਣ ਲੜ ਰਹੇ ਉਮੀਦਵਾਰਾਂ ਨੇ ਵਰ੍ਹਦੇ ਮੀਂਹ ਵਿਚ ਵੀ ਵੋਟਰਾਂ ਨਾਲ ਸੰਪਰਕ ਬਣਾਉਣ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ। ਸਵੇਰ ਤੋਂ ਸ਼ੁਰੂ ਹੋਇਆ ਮੀਂਹ ਲਗਾਤਾਰ ਜਾਰੀ ਰਿਹਾ। ਇਸ ਦੇ ਬਾਵਜੂਦ ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਦੇ ਪ੍ਰੋਗਰਾਮ ਤੋਂ ਖੁੰਝੇ ਨਹੀਂ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਰੈਲੀਆਂ ’ਤੇ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਹੈ। ਪਾਰਟੀ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਇਹ ਪੱਕਾ ਮਨ ਬਣਾ ਲਿਆ ਹੈ ਕਿ ਇਸ ਵਾਰ ਦੀਆਂ ਚੋਣਾਂ ਵੋਟਰਾਂ ਨਾਲ ਸਿੱਧਾ ਰਾਬਤਾ ਬਣਾਉਣ ਨਾਲ ਹੀ ਪੈਣਗੀਆਂ। ਉਮੀਦਵਾਰ ਇਹ ਵੀ ਭਰੋਸਾ ਕਰ ਕੇ ਚੱਲ ਰਹੇ ਹਨ ਕਿ 31 ਜਨਵਰੀ ਤੋਂ ਬਾਅਦ ਵੀ ਸ਼ਾਇਦ ਹੀ ਕੋਈ ਢਿੱਲ ਮਿਲੇ। ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਜਿਥੇ ਘਰ-ਘਰ ਜਾਣ ਵਿਚ ਰੁੱਝੇ ਰਹੇ ਉਥੇ ਸਮਾਜਿਕ ਸਮਾਗਮਾਂ ਵਿਚ ਵੀ ਜਾਣਾ ਨਹੀਂ ਭੁੱਲੇ। ਚੁਗਿੱਟੀ ਨੇੜੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਏ ਮਨੋਰੰਜਨ ਕਾਲੀਆ ਨਾਲ ਲੋਕ ਇਹ ਵੀ ਚਰਚਾ ਕਰਦੇ ਰਹੇ ਕਿ ਇਸ ਵਾਰ ਦੀਆਂ ਚੋਣਾਂ ਪਹਿਲਾਂ ਨਾਲੋਂ ਬਿਲਕੁਲ ਵੱਖਰੀਆਂ ਹਨ। ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਇਕ ਵਾਰ ਤਾਂ ਸਾਰੇ ਹਲਕੇ ਤਾਂ ਦੌਰਾ ਕਰ ਚੁੱਕੇ ਹਨ ਤੇ ਹੁਣ ਉਹ ਲੋਕਾਂ ਨੂੰ ਘਰ-ਘਰ ਜਾ ਕੇ ਮਿਲ ਰਹੇ ਹਨ। ਉੱਤਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਬਾਵਾ ਹੈਨਰੀ ਆਪਣੇ ਹਲਕੇ ਵਿਚ ਰੁੱਝੇ ਰਹੇ ਅਤੇ ਉਹ ਕਾਂਗਰਸੀ ਕੌਂਸਲਰਾਂ ਦੀ ਮਦਦ ਨਾਲ ਵੱਖ-ਵੱਖ ਵਾਰਡਾਂ ਵਿਚ ਜਾ ਕੇ ਵੋਟਰਾਂ ਨਾਲ ਸਿੱਧਾ ਸੰਪਰਕ ਕਰ ਰਹੇ ਸਨ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੀ ਮੁਹਿੰਮ ਤੇਜ਼ ਕੀਤੀ ਹੋਈ ਹੈ। ਇਸੇ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੌਜਵਾਨ ਵਰਗ ਨਾਲ ਸਿੱਧਾ ਰਾਬਤਾ ਬਣਾਉਣ ਵਿਚ ਲੱਗੇ ਹੋਏ ਹਨ। ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਵੀ ਟਿਕਟ ਮਿਲਣ ਤੋਂ ਬਾਅਦ ਚੋਣ ਪ੍ਰਚਾਰ ’ਚ ਕੁੱਦ ਪਏ ਹਨ।
ਕਾਂਗਰਸ ਤੇ ‘ਆਪ’ ਤੋਂ ਲੋਕਾਂ ਦਾ ਮੋਹ ਭੰਗ: ਛੋਟੇਪੁਰ
ਧਾਰੀਵਾਲ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਕਲੇਰ ਖੁਰਦ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਸਬੰਧਤ ਕੁਝ ਪਰਿਵਾਰਾਂ ਦੇ ਮੁਖੀਆਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਆਪਣਾ ਸਮਰਥਨ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਸਬੰਧਤ ਬਚਨ ਸਿੰਘ, ਮੇਜਰ ਸਿੰਘ, ਗੁਲਸ਼ਨ, ਸੱਤਾ, ਪ੍ਰੇਮ ਮਸੀਹ, ਸੋਮਨਾਥ ਆਦਿ ਪਰਿਵਾਰਾਂ ਦੇ ਮੁਖੀਆਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਹਾਰ ਪਾਰ ਕੇ ਸਨਮਾਨਿਤ ਤੇ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਉਨ੍ਹਾਂ ਦਾ ਮਾਣ ਸਨਮਾਨ ਪੂਰਾ ਬਹਾਲ ਰਹੇਗਾ। ਪਿੰਡ ’ਚ ਬਾਬਾ ਪਾਲ ਸਿੰਘ ਦੇ ਘਰ ਭਰਵੀਂ ਮੀਟਿੰਗ ਦੌਰਾਨ ਸੁੱਚਾ ਸਿੰਘ ਛੋਟੇਪੁਰ ਤੇ ਅਕਾਲੀ ਦਲ ਦੇ ਯੂਥ ਜ਼ਿਲ੍ਹਾ ਪ੍ਰਧਾਨ ਰਮਨਦੀਪ ਸੰਧੂ ਨੇ ਕਿਹਾ ਕਾਂਗਰਸ ਤੇ ‘ਆਪ’ ਦੀਆਂ ਨੀਤੀਆਂ ਕਾਰਨ ਲੋਕਾਂ ਦਾ ਦੋਹਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ।