ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਮਈ
ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਅਤੇ ਸੂਬੇ ’ਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਕਾਨੂੰਨ ਦੀ ਮੰਗ ਨੂੰ ਲੈ ਕੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਰੋਡੇ ਵਿੱਚ 29 ਅਪਰੈਲ ਨੂੰ ਮੋਬਾਈਲ ਟਾਵਰ ਉੱਤੇ ਚੜ੍ਹਿਆ ਅਮ੍ਰਿੰਤਧਾਰੀ ਬਲਵਿੰਦਰ ਸਿੰਘ ਪਿੰਡ ਕੋਕਰੀ ਫੂਲਾ ਸਿੰਘ 7 ਦਿਨ ਬਾਅਦ ਅੱਜ ਸ਼ਾਮ ਨੂੰ ਸਿੱਖ ਸੰਗਤ ਤੇ ਸਿਆਸੀ ਆਗੂਆਂ ਦੀ ਅਪੀਲ ਤੇ ਭਰੋਸੇ ਮਗਰੋਂ ਹੇਠਾਂ ਉੱਤਰ ਆਇਆ ਹੈ। ਇਸ ਮਗਰੋਂ ਬਲਵਿੰਦਰ ਸਿੰਘ ਨੇ ਸੰਗਤ ਨਾਲ ਗਰਦੁਆਰੇ ਮੱਥਾ ਟੇਕਿਆ।
ਇਸ ਮੌਕੇ ਫ਼ਰੀਦਕੋਟ ਤੋਂ ’ਆਪ’ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਭਰੋਸਾ ਦਿੱਤਾ ਕਿ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਹੋਈ ਹੈ ਤੇ ਛੇਤੀ ਹੀ ਮੰਗਾਂ ਸਬੰਧੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਭਾਈ ਗੁਰਦੀਪ ਸਿੰਘ ਬਠਿੰਡਾਂ, ਬੂਟਾ ਸਿੰਘ ਰਣਸੀਂਹ, ਦਲੇਰ ਸਿਘ ਡੋਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਹੋਰ ਸਿੱਖ ਸੰਗਤ ਨਾਲ ਮੀਟਿੰਗ ਹੋਈ। ਇਸ ਮੌਕੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਤੇ ਐੱਸਪੀ ਰੁਪਿੰਦਰ ਕੌਰ ਭੱਟੀ ਆਦਿ ਹਾਜ਼ਰ ਸਨ।