ਜੇ ਬੀ ਸੇਖੋਂ
ਗੜ੍ਹਸ਼ੰਕਰ, 2 ਜੂਨ
ਕਸਬਾ ਚੱਬੇਵਾਲ ਵਿੱਚ ਵਿਭਾਗੀ ਮਨਜ਼ੂਰੀ ਤੋਂ ਕਲੋਨੀਆਂ ਕੱਟ ਕੇ ਵੇਚਣ ਵਾਲਾ ਮਾਫ਼ੀਆ ਸਰਗਰਮ ਹੈ। ਹੁਸ਼ਿਆਰਪੁਰ ਤੋਂ ਚੱਬੇਵਾਲ ਅਤੇ ਬੱਸੀ ਰੋਡ ’ਤੇ ਅਜਿਹੀਆਂ ਕਲੋਨੀਆਂ ਦੀ ਭਰਮਾਰ ਹੈ ਜਿੱਥੇ ਕਈ ਥਾਵਾਂ ’ਤੇ ਪੰਜ ਸੱਤ ਕਨਾਲ ਥਾਵਾਂ ’ਤੇ ਹੀ ਦੁਕਾਨਾਂ ਤੇ ਰਿਹਾਇਸ਼ੀ ਕਲੋਨੀਆਂ ਕੱਟ ਕੇ ਮਾਰਕਿੰਗ ਕੀਤੀ ਹੋਈ ਹੈ।
ਕਲੋਨੀ ਕੱਟਣ ਲਈ ਲੋਕ ਨਿਰਮਾਣ ਵਿਭਾਗ ਸਮੇਤ ਪੁੱਡਾ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ ਪਰ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਇਨ੍ਹਾਂ ਕਲੋਨੀਆਂ ਸਬੰਧੀ ਕੋਈ ਵੀ ਮਨਜ਼ੂਰੀ ਨਾ ਹੋਣ ਦੀ ਗੱਲ ਕਹੀ ਗਈ ਹੈ। ਜ਼ਿਕਰਯੋਗ ਹੈ ਕਿ ਚੱਬੇਵਾਲ ਕਸਬਾ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਸਥਿਤ ਹੈ ਜਿਸ ਨੂੰ ਆਲੇ-ਦੁਆਲੇ ਦੇ ਕਈ ਪਿੰਡਾਂ ਤੋਂ ਲਿੰਕ ਸੜਕਾਂ ਜੁੜਦੀਆਂ ਹਨ। ਕੁਝ ਸਮੇਂ ਤੋਂ ਇੱਥੇ ਕਲੋਨੀਆਂ ਦੀ ਮਾਰਕਿੰਗ ਹੋਈ ਹੈ ਅਤੇ ਲੌਕਡਾਊਨ ਦੌਰਾਨ ਇਹ ਕੰਮ ਵੱਡੇ ਪੱਧਰ ’ਤੇ ਹੋਇਆ ਹੈ ਜਿਸ ਤਹਿਤ ਦੁਕਾਨਾਂ ਤੇ ਰਿਹਾਇਸ਼ੀ ਕਲੋਨੀਆਂ ਲਈ ਨਿਰਧਾਰਿਤ ਰਕਬੇ ਤਹਿਤ ਮਾਰਕਿੰਗ ਕਰ ਕੇ ਨੀਹਾਂ ਭਰੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਵੱਖੋ-ਵੱਖਰੇ ਰੇਟਾਂ ’ਤੇ ਵੇਚਿਆ ਜਾ ਰਿਹਾ ਹੈ। ਕਲੋਨੀ ਕੱਟਣ ਲਈ ਕਲੋਨਾਈਜ਼ਰ ਨੂੰ ਹੋਰ ਸ਼ਰਤਾਂ ਸਮੇਤ ਘੱਟ ਤੋਂ ਘੱਟ ਪੰਜ ਏਕੜ ਜ਼ਮੀਨ, ਪਾਣੀ ਵਾਲੀ ਟੈਂਕੀ, ਖੁੱਲ੍ਹੇ ਰਸਤੇ ਤੇ ਸੀਵਰੇਜ ਦੇ ਪ੍ਰਬੰਧ ਕਰਨੇ ਲਾਜ਼ਮੀ ਹੁੰਦੇ ਹਨ।
ਪੁੱਡਾ ਦੀ ਈਓ ਮਨਪ੍ਰੀਤ ਕੌਰ ਨੇ ਕਿਹਾ ਕਿ ਉਕਤ ਥਾਂ ’ਤੇ ਕਲੋਨੀ ਦੇ ਨਿਰਮਾਣ ਸਬੰਧੀ ਉਨ੍ਹਾਂ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਨਗੇ ਅਤੇ ਕਾਰਵਾਈ ਕੀਤੀ ਜਾਵੇਗੀ।