ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜਨਵਰੀ
ਵਿਧਾਨ ਸਭਾ ਚੋਣਾਂ 2022 ਲਈ ਲੁਧਿਆਣਾ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਹਲਕਾ ਪੱਛਮੀ ਸਭ ਤੋਂ ਆਸਾਨ ਤੇ ਵੱਡੀ ਜਿੱਤ ਵਾਲਾ ਹਲਕਾ ਸਮਝਿਆ ਜਾਂਦਾ ਹੈ। ਪਰ ਜਿਵੇਂ ਹੀ ਹੁਣ ਚੋਣਾਂ ਤੋਂ ਪਹਿਲਾਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ ਤਾਂ ਲੁਧਿਆਣਾ ਵਿੱਚ ਇਸ ਹਲਕੇ ਦੀ ਸਿਆਸੀ ਲੜਾਈ ਔਖੀ ਹੁੰਦੀ ਜਾ ਰਹੀ ਹੈ। ਇਸ ਹਲਕੇ ਵਿੱਚ ਇੱਕ ਦੋ ਪਾਸੇ ਦੋ ਕਾਂਗਰਸੀ ਆਹਮੋ-ਸਾਹਮਣੇ ਹੋਣਗੇ ਤੇ ਦੂਜੇ ਪਾਸੇ ਦੋ ਵਕੀਲ ਮੰਤਰੀ ਆਸ਼ੂ ਦੇ ਰਾਹ ਵਿੱਚ ਮੁਸ਼ਕਲਾਂ ਪੈਦਾ ਕਰਨਗੇ।
ਦਰਅਸਲ, ਕਾਂਗਰਸ ਨੇ ਤੀਜੀ ਵਾਰ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਭਰੋਸਾ ਕਰਦੇ ਹੋਏ ਉਨ੍ਹਾਂ ਲੁਧਿਆਣਾ ਦੀ ਹਲਕਾ ਪੱਛਮੀ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਇਸ ਵਾਰ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਹੀ ਪੁਰਾਣੇ ਸਾਥੀ ਤੇ ਕੌਂਸਲਰ ਗੁਰਪ੍ਰੀਤ ਗੋਗੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਕੀਲ ਮਹੇਸ਼ ਇੰਦਰ ਸਿੰਘ ਗਰੇਵਾਲ ਪਹਿਲਾਂ ਤੋਂ ਹੀ ਚੋਣ ਪ੍ਰਚਾਰ ਕਰ ਰਹੇ ਹਨ। ਭਾਜਪਾ ਨੇ ਵੀ ਇਸ ਹਲਕੇ ਵਿੱਚੋਂ ਸੀਨੀਅਰ ਵਕੀਲ ਭੂਪਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਸ ਹਲਕੇ ਵਿੱਚ ਹੁਣ ਚਾਰੋਂ ਉਮੀਦਵਾਰਾਂ ਦਾ ਫਸਵਾਂ ਮੁਕਾਬਲਾ ਹੋਵੇਗਾ।
ਲੁਧਿਆਣਾ ਦੇ ਵਾਰਡ ਨੰਬਰ 76 ਤੋਂ ਕੌਂਸਲਰ ਗੁਰਪ੍ਰੀਤ ਗੋਗੀ ਪਿਛਲੇ ਦਿਨੀਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਉਹ ਚਾਰ ਵਾਰ ਕੌਂਸਲਰ ਰਹਿ ਚੱੁਕੇ ਹਨ ਅਤੇ ਇਸ ਦੇ ਨਾਲ ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ।