ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਜੂਨ
ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਅੱਜ ਪਿੰਡ ਚਕਰ ਦੀ ਅਨਾਜ ਮੰਡੀ ’ਚ 44.95 ਲੱਖ ਨਾਲ ਬਣੇ ਫੜ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਹਲਕਾ ਜਗਰਾਉਂ ’ਚ ਅਗਲੇ ਛੇ ਮਹੀਨੇ ’ਚ ਕਰੋੜਾਂ ਰੁਪਏ ਦੇ ਹੋਰ ਵਿਕਾਸ ਕਾਰਜ ਸ਼ੁਰੂ ਹੋਣ ਜਾ ਰਹੇ ਹਨ। ਪੰਚਾਇਤਾਂ ਨੂੰ ਬਿਨਾਂ ਪੱਖਪਾਤ ਦੇ ਪਿੰਡ ਦੀ ਲੋੜ ਅਨੁਸਾਰ ਗਰਾਂਟ ਦਿੱਤੀ ਜਾ ਰਹੀ ਹੈ। ਕਾਂਗਰਸ ਸਰਕਾਰ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਚੇਅਰਮੈਨ ਦਾਖਾ ਨੇ ਕਿਹਾ ਕਿ ਕਾਂਗਰਸ ਪਾਰਟੀ ’ਚ ਕੋਈ ਮਤਭੇਦ ਨਹੀਂ। ਜਿਹੜੇ ਮੰਤਰੀਆਂ ’ਚ ਕੁਝ ਨਾਰਾਜ਼ਗੀ ਨਜ਼ਰ ਆ ਰਹੀ ਹੈ, ਉਹ ਸਿਰਫ਼ ਮਨਭੇਦ ਹਨ ਅਤੇ ਹਾਈ ਕਮਾਨ ਇਸ ਨੂੰ ਦੂਰ ਕਰਨ ’ਚ ਲੱਗੀ ਹੋਈ ਹੈ। ਜਲਦ ਹੀ ਕਾਂਗਰਸ ਸਰਕਾਰ ਤੇ ਪਾਰਟੀ ’ਚ ਸਭ ਕੁਝ ਆਮ ਵਰਗਾ ਹੋਵੇਗਾ। ਲੋਕ ਮੁੜ ਤੋਂ ਕਾਂਗਰਸ ਪਾਰਟੀ ਨੂੰ ਸੇਵਾ ਦਾ ਮੌਕਾ ਦੇਣਾ ਚਾਹੁੰਦੇ ਹਨ ਅਤੇ ਕਾਂਗਰਸ ਵੀ ਅਗਾਮੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਧਿਰਾਂ ਚਾਹੁੰਦੀਆਂ ਹਨ ਕਿ ਕਾਂਗਰਸ ਪਾਰਟੀ ’ਚ ਫੁੱਟ ਪਵੇ ਪਰ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਣੇ। ਇਨ੍ਹਾਂ ਧਿਰਾਂ ਨੂੰ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ ਅਤੇ ਦੁਬਾਰਾ ਵੀ ਕਿਸੇ ਨੇ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਨੇ ਆਪਣੇ ਬਹੁਤੇ ਵਾਅਦੇ ਪੂਰੇ ਕੀਤੇ ਹਨ ਅਤੇ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਕਰਨ ਦੀ ਕੋਸ਼ਿਸ਼ ਜਾਰੀ ਹੈ।
ਇਸ ਸਮੇਂ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਤੋਂ ਇਲਾਵਾ ਸਰਪੰਚ ਪਰਮਜੀਤ ਕੌਰ ਚਕਰ, ਸਰਪੰਚ ਸਰਪੰਚ ਬੂਟਾ ਸਿੰਘ, ਤਰਲੋਚਨ ਸਿੰਘ ਝੋਰੜਾਂ, ਦਰਸ਼ਨ ਸਿੰਘ ਲੱਖਾ, ਪੰਚਾਇਤ ਮੈਂਬਰ ਤੇ ਮੋਹਤਬਰ ਹਾਜ਼ਰ ਸਨ।