ਜੋਗਿੰਦਰ ਸਿੰਘ ਮਾਨ
ਮਾਨਸਾ, 18 ਨਵੰਬਰ
ਪੰਜਾਬ ਸਰਕਾਰ ਨੇ ਸੂਬੇ ਵਿਚਲੇ ਹਜ਼ਾਰਾਂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਮਗਰੋਂ ਯੂ-ਟਰਨ ਲੈਂਦਿਆਂ 48 ਘੰਟਿਆਂ ਬਾਅਦ ਹੀ ਖਰੀਦ ਮੁੜ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਅੱਜ ਤਿੰਨ ਮੰਤਰੀਆਂ ਨੇ 30 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਕਿਸਾਨ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਸੁਣਾਇਆ। ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਹੁਣ ਆਪਣੇ ਖੇਤਾਂ ਨੇੜਲੇ ਖਰੀਦ ਕੇਂਦਰਾਂ ਵਿੱਚ ਹੀ ਫ਼ਸਲ ਵਿਕਣ ਦੀ ਆਸ ਬੱਝੀ ਹੈ।
ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਖਰੀਦ ਲਈ ਹਰ ਸਾਲ ਪਹਿਲੀ ਅਕਤੂਬਰ ਤੋਂ 30 ਨਵੰਬਰ ਤੱਕ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤੇ ਜਾਂਦੇ ਹਨ ਪਰ ਐਤਕੀਂ ਝੋਨੇ ਦੇ ਵਧੇ ਝਾੜ ਅਤੇ ਖਰੀਦ ਕੇਂਦਰਾਂ ਵਿੱਚ ਭਾਰੀ ਮਾਤਰਾ ਵਿੱਚ ਝੋਨਾ ਪੁੱਜਣ ਕਾਰਨ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ 16 ਨਵੰਬਰ ਨੂੰ ਹੀ ਬੰਦ ਕਰ ਦਿੱਤੀ ਸੀ। ਇਸ ਸਬੰਧੀ ਜਦੋਂ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸੂਹ ਮਿਲੀ ਤਾਂ ਉਨ੍ਹਾਂ ਕਿਸਾਨਾਂ ਨੂੰ ਪੇਂਡੂ ਖਰੀਦ ਕੇਂਦਰਾਂ ’ਚ ਝੋਨਾ ਲਿਆਉਣ ਦਾ ਸੱਦਾ ਦਿੱਤਾ। ਚੰਡੀਗੜ੍ਹ ਮੀਟਿੰਗ ਵਿੱਚ ਗਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਇਸ ਪੱਤਰਕਾਰ ਨੂੰ ਨਵੇਂ ਸਰਕਾਰੀ ਫ਼ੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੇ ਵੀ ਸੈਂਕੜੇ ਖਰੀਦ ਕੇਂਦਰਾਂ ਵਿੱਚ ਭਾਰੀ ਮਾਤਰਾ ਵਿੱਚ ਝੋਨਾ ਪਿਆ ਹੈ। ਬਹੁਤੇ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਹਾਲੇ ਖੇਤਾਂ ਵਿੱਚ ਖੜ੍ਹੀ ਹੈ, ਜਿਸ ਨੂੰ ਵੇਚਣ ਲਈ ਪਿੰਡਾਂ ਵਿਚਲੇ ਖਰੀਦ ਸੈਂਟਰਾਂ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦੀ ਮੰਡੀ ਝੋਨੇ ਨਾਲ ਭਰੀ ਪਈ ਹੈ, ਉਥੇ ਨਾਲ ਹੀ ਕਰੀਬ 250 ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਖੇਤਾਂ ’ਚ ਖੜ੍ਹੀ ਹੈ, ਜਦੋਂ ਕਿ ਪਿੰਡ ਠੂਠਿਆਂਵਾਲੀ ਵਿੱਚ 10 ਏਕੜ ਸਮੇਤ ਹੋਰ ਵੀ ਬਹੁਤ ਸਾਰੇ ਪਿੰਡਾਂ ’ਚ ਝੋਨੇ ਦੀ ਫ਼ਸਲ ਪਈ ਹੋਣ ਦੀਆਂ ਰਿਪੋਰਟਾਂ ਹਨ।
ਬੇਸ਼ੱਕ ਪੰਜਾਬ ਸਰਕਾਰ ਨੇ ਪੇਂਡੂ ਖਰੀਦ ਕੇਂਦਰਾਂ, ਸਬ-ਯਾਰਡਾਂ ਵਿੱਚ ਖਰੀਦ-ਵੇਚ ਅਤੇ ਭੰਡਾਰਨ ਦੇ ਪ੍ਰੋਸੈਸਿੰਗ ’ਤੇ ਪਾਬੰਦੀ ਲਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਬੀਤੇ ਦਿਨ ਕਿਸੇ ਵੀ ਖਰੀਦ ਕੇਂਦਰ ਵਿੱਚੋਂ ਕਿਸਾਨ ਆਪਣੀ ਜਿਣਸ ਚੁੱਕ ਕੇ ਵਾਪਸ ਨਹੀਂ ਲੈ ਕੇ ਗਏ।
ਇਸ ਤੋਂ ਪਹਿਲਾਂ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਝੋਨੇ ਦੀ ਖਰੀਦ ’ਤੇ ਲੱਗੀ ਪਾਬੰਦੀ ਹਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ।