ਜੰਮੂ, 26 ਦਸੰਬਰ
ਪਾਰਟੀ ਛੱਡਣ ਦੀਆਂ ਸੰਭਾਵਨਾਵਾਂ ਨੂੰ ਨਕਾਰਦਿਆਂ ਗੁਲਾਮ ਨਬੀ ਆਜ਼ਾਦ ਨੇ ਅੱਜ ਆਪਣੇ ਆਪ ਨੂੰ ‘24 ਕੈਰੇਟ’ ਖਰਾ ਕਾਂਗਰਸੀ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਤੋਂ ਨਿਰਾਸ਼ ਨਹੀਂ ਹਨ ਅਤੇ ਉਹ ਵਰਕਰਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਵੱਲੋਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਜੰਮੂ ਕਸ਼ਮੀਰ ’ਚ ਜਨਤਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜੰਮੂ ਦੇ ਬਾਹਰਵਾਰ ਪੈਂਦੇ ਸਰਹੱਦੀ ਇਲਾਕੇ ਖੌਰ ’ਚ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਪਾਰਟੀ, ਸਮਾਜ ਅਤੇ ਮੁਲਕ ਲਈ ਸੁਧਾਰ ਪ੍ਰਗਤੀਸ਼ੀਲ ਪ੍ਰਕਿਰਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਕਾਂਗਰਸ ਛੱਡਣ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਆਜ਼ਾਦ ਨੇ ਕਿਹਾ ਕਿ ਉਹ ਪੂਰੇ ਕਾਂਗਰਸੀ ਹਨ। ਜ਼ਿਕਰਯੋਗ ਹੈ ਕਿ ਆਜ਼ਾਦ ਉਨ੍ਹਾਂ 23 ਕਾਂਗਰਸੀ ਆਗੂਆਂ ’ਚ ਸ਼ਾਮਲ ਸਨ ਜਿਨ੍ਹਾਂ ਪਿਛਲੇ ਸਾਲ ਜਥੇਬੰਦਕ ਢਾਂਚੇ ’ਚ ਫੇਰਬਦਲ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਹੜੇ ਪਾਰਟੀਆਂ ਨੂੰ ਵੰਡ ਰਹੇ ਹਨ, ਸਿਰਫ਼ ਉਨ੍ਹਾਂ ਨੂੰ ਹੀ ਵੰਡ ਦਿਖਾਈ ਦਿੰਦੀ ਹੈ। ‘ਅਸੀਂ ਤਾਂ ਲੋਕਾਂ ਨੂੰ ਜੋੜਨ ਵਾਲੇ ਹਾਂ।’ ਉਨ੍ਹਾਂ ਕਿਹਾ ਕਿ ਸੁਧਾਰ ਨਿਰੰਤਰ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ ਅਤੇ ਹਰੇਕ ਪਾਰਟੀ ’ਚ ਇਹ ਚਲਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ’ਚ ਫਿਰਕੂਵਾਦ ਅਤੇ ਜਾਤੀਵਾਦ ਦਾ ਬੋਲਬਾਲਾ ਹੈ ਜਿਸ ਨੂੰ ਸੁਧਾਰਨ ਦੀ ਲੋੜ ਹੈ। ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਹੋਣ ’ਤੇ ਕਾਂਗਰਸ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੀ ਜਿੱਤ-ਹਾਰ ਲੋਕਾਂ ਦੇ ਹੱਥਾਂ ’ਚ ਹੁੰਦੀ ਹੈ ਅਤੇ ਲੋਕ ਭਾਜਪਾ ਤੋਂ ਅੱਕ ਚੁੱਕੇ ਹਨ। -ਪੀਟੀਆਈ