ਨਵੀਂ ਦਿੱਲੀ, 26 ਦਸੰਬਰ
ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਟੀਐਮਸੀ ਤੇ ‘ਆਪ’ ਗੋਆ ਵਿਚ ਗ਼ੈਰ-ਭਾਜਪਾ ਵੋਟ ‘ਤੋੜ’ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਕੋਲ ਹੀ ਭਾਜਪਾ ਨੂੰ ਹਰਾਉਣ ਦੀ ਸਮਰੱਥਾ ਹੈ। ਚਿਦੰਬਰਮ ਗੋਆ ਚੋਣਾਂ ਵਿਚ ਪਾਰਟੀ ਦੇ ਸੀਨੀਅਰ ਚੋਣ ਆਬਜ਼ਰਵਰ ਹਨ। ਚਿਦੰਬਰਮ ਨੇ ਕਿਹਾ ਕਿ ਪਾਰਟੀ ਤੇ ਚੋਣ ਖੇਤਰ ਪ੍ਰਤੀ ਵਫ਼ਾਦਾਰੀ ਨੂੰ ਉਮੀਦਵਾਰ ਚੁਣਨ ਵੇਲੇ ਧਿਆਨ ਵਿਚ ਰੱਖਿਆ ਜਾਵੇਗਾ। ਹਾਲ ਹੀ ਵਿਚ ਕਾਂਗਰਸ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਸੀ ਤੇ ਉਹ ਟੀਐਮਸੀ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਦੋ ਚੋਟੀ ਦੇ ਆਗੂ ਟੀਐਮਸੀ ਵਿਚ ਸ਼ਾਮਲ ਹੋ ਚੁੱਕੇ ਹਨ। ਚਿਦੰਬਰਮ ਨੇ ਕਿਹਾ ਕਿ ਗੋਆ ਵਿਚ ਕਾਂਗਰਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਲੋਕ ਜਾਣਦੇ ਹਨ ਕਿ ਸਿਰਫ਼ ਕਾਂਗਰਸ ਹੀ ਭਾਜਪਾ ਨੂੰ ਟੱਕਰ ਦੇ ਸਕਦੀ ਹੈ। ਚਿਦੰਬਰਮ ਨੇ ਕਿਹਾ ਕਿ 99 ਪ੍ਰਤੀਸ਼ਤ ਪਾਰਟੀ ਵਰਕਰ ਕਾਂਗਰਸ ਦੇ ਨਾਲ ਹੀ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਟੀਐਮਸੀ ਭਾਜਪਾ ਦੀ ਮਦਦ ਕਰ ਰਹੀ ਹੈ ਤੇ ‘ਆਪ’ ਭਾਜਪਾ ਦੀ ‘ਬੀ’ ਟੀਮ ਵਜੋਂ ਖੇਡ ਰਹੀ ਹੈ, ਚਿਦੰਬਰਮ ਨੇ ਕਿਹਾ ਉਹ ਕਿਸੇ ਪਾਰਟੀ ਦੇ ਇਰਾਦਿਆਂ ਉਤੇ ਟਿੱਪਣੀ ਨਹੀਂ ਕਰਨਗੇ। 2022 ਵਿਚ ਭਾਜਪਾ ਤੇ ਕਾਂਗਰਸ ਦਾ ਸਿੱਧਾ ਮੁਕਾਬਲਾ ਹੋਵੇਗਾ ਅਤੇ ਕਾਂਗਰਸ ਜਿੱਤੇਗੀ। ਟੀਐਮਸੀ ਤੇ ‘ਆਪ’ ਗ਼ੈਰ-ਭਾਜਪਾ ਵੋਟ ਤੋੜਨਗੇ। ਇਸ ਦਾ ਭਾਜਪਾ ਨੂੰ ਫਾਇਦਾ ਹੋਵੇਗਾ ਜਾਂ ਨਹੀਂ, ਉਹ ਕਹਿ ਨਹੀਂ ਸਕਦੇ। ਚਿਦੰਬਰਮ ਨੇ ਕਿਹਾ ਕਿ ਮੁੱਖ ਮੰਤਰੀ ਉਮੀਦਵਾਰ ਐਲਾਨਣ ਬਾਰੇ ਬਦਲ ਅਜੇ ਖੁੱਲ੍ਹੇ ਰੱਖੇ ਗਏ ਹਨ। -ਪੀਟੀਆਈ