ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 18 ਨਵੰਬਰ
ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ 56ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੌਮੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ 26 ਨਵੰਬਰ ਨੂੰ ਪਹਿਲਾ ਜਥਾ ਟਰੈਕਟਰ-ਟਰਾਲੀਆਂ ਰਾਹੀਂ ਦਿੱਲੀ ਲਈ ਰਵਾਨਾ ਹੋਵੇਗਾ। ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਅਤੇ ਕਿਸਾਨਾਂ ਦੀ ਸਾਂਝੀ ਕਮੇਟੀ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕੇਂਦਰ ਵੱਲੋਂ ਕਿਸਾਨਾਂ ਨੂੰ ਦਿੱਲੀ ਵਿੱਚ ਧਰਨੇ ਦੀ ਇਜਾਜ਼ਤ ਨਾ ਦੇਣਾ ਜਮਹੂਰੀਅਤ ਦਾ ਗਲਾ ਘੁੱਟਣਾ ਹੈ ਤੇ ਕਰੋਨਾ ਦੀ ਆੜ ’ਚ ਫ਼ੈਸਲਾ ਕਰਨਾ ਉਨ੍ਹਾਂ ਦੀ ਬਦਨੀਤੀ ਹੈ। ਊਨ੍ਹਾਂ ਦੱਸਿਆ ਕੌਮੀ ਪੱਧਰ ’ਤੇ ਦਿੱਲੀ ਘਿਰਾਓ ਲਈ ਇੱਕ ਸੌ ਮਜ਼ਦੂਰ ਸੰਘਰਸ਼ ਕਮੇਟੀ ਦੇ ਪਹਿਲੇ ਜਥੇ ਵਿੱਚ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹੇ ਸ਼ਾਮਲ ਹੋਣਗੇ। ਕਿਸਾਨ ਆਗੂ ਨੇ ਕਿਹਾ ਇਹ ਫ਼ੈਸਲਾ 17 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ ਤੇ 19 ਨਵੰਬਰ ਤੋਂ ਇਸ ਦੀ ਤਿਆਰੀ ਜੰਗੀ ਪੱਧਰ ਉੱਤੇ ਕੀਤੀ ਜਾਵੇਗੀ।
ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਨੂੰ ਬਲੈਕਮੇਲ ਕਰਕੇ ਜਾਂ ਕਿਸੇ ਲੂਲੇ-ਲੰਗੜੇ ਸਮਝੌਤੇ ਤਹਿਤ ਯਾਤਰੂ ਗੱਡੀਆਂ ਨਹੀਂ ਚਲਾ ਸਕਦੀ, ਸਗੋਂ ਪਹਿਲਾਂ ਪੰਜਾਬ ਦੀ ਆਰਥਿਕ ਨਾਕੇਬੰਦੀ ਖਤਮ ਕਰਕੇ ਮਾਲ ਗੱਡੀਆਂ ਚਲਾਵੇ ਤਾਂ ਜੋ ਗੱਲਬਾਤ ਲਈ ਮਾਹੌਲ ਸੁਖਾਲਾ ਬਣ ਸਕੇ। ਆਗੂਆਂ ਨੇ ਕਿਹਾ ਕਿ ਜਥੇਬੰਦੀ ਮੋਦੀ ਸਰਕਾਰ ਨਾਲ ਸਾਂਝੀ ਕਮੇਟੀ ਨਹੀਂ ਬਣਾਵੇਗੀ ਤੇ ਨਾ ਹੀ ਇਸ ਦਾ ਹਿੱਸਾ ਹੋਵੇਗੀ। ਜੇ ਕੇਂਦਰ ਸਰਕਾਰ ਆਪਣੇ ਪੱਧਰ ’ਤੇ ਕੋਈ ਸਰਕਾਰੀ ਕਮੇਟੀ ਬਣਾਉਂਦੀ ਹੈ ਅਤੇ ਦੇਸ਼ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਚਲਦੀ ਹੈ ਤੇ ਊਨ੍ਹਾਂ ਨਾਲ ਗੱਲਬਾਤ ਕਰਦੀ ਹੈ ਤਾਂ ਊਹ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਬਹਾਨੇ ਹੀ ਦਿੱਲੀ ਵਿੱਚ ਕਰੋਨਾ ਜ਼ਿਆਦਾ ਫੈਲ ਰਿਹਾ ਹੈ, ਜਦ ਕਿ ਬਿਹਾਰ ਚੋਣਾਂ ਵੇਲੇ ਕਿਸੇ ਨੂੰ ਕਰੋਨਾ ਦੀ ਲਾਗ ਨਾ ਲੱਗੀ। ਇਸ ਮੌਕੇ ਸਤਨਾਮ ਸਿੰਘ ਮਾਣੋਚਾਹਲ, ਰੇਸ਼ਮ ਸਿੰਘ ਘੁਰਕਵਿੰਡ, ਚਰਨ ਸਿੰਘ ਬੈਂਕਾ, ਲਖਵਿੰਦਰ ਸਿੰਘ ਪਲਾਸੌਰ, ਸਤਨਾਮ ਸਿੰਘ ਖਾਰੇ, ਅਮਰੀਕ ਸਿੰਘ ਜੰਡੋਕੇ, ਸਰਵਣ ਸਿੰਘ ਵਲੀਪੁਰ ਅਤੇ ਨਿਰੰਜਣ ਸਿੰਘ ਬਰਗਾੜੀ ਨੇ ਵੀ ਸੰਬੋਧਨ ਕੀਤਾ।
ਸ਼ਵੇਤ ਮਲਿਕ ਦੇ ਘਰ ਅੱਗੇ ਧਰਨਾ 48ਵੇਂ ਦਿਨ ’ਚ ਦਾਖ਼ਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ ਅੱਜ 48ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨ ਆਗੂਆਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਆਰੰਭ ਦਿੱਤੀਆਂ ਹਨ। ਇਹ ਧਰਨਾ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ 26, 27 ਨਵੰਬਰ ਨੂੰ ਦਿੱਲੀ ਦੇ ਘਿਰਾਓ ਵਿਚ ਲੱਖਾਂ ਦੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਣਗੇ ਅਤੇ ਕੇਂਦਰ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਅੱਜ ਧਰਨੇ ਦੌਰਾਨ ਹਰਜੀਤ ਸਿੰਘ ਝੀਤੇ, ਕੰਵਲਪ੍ਰੀਤ ਸਿੰਘ ਪੰਨੂ, ਸੁਖਦੇਵ ਸਿੰਘ ਸਹਿੰਸਰਾ, ਸਤਨਾਮ ਸਿੰਘ ਝੰਡੇਰ, ਬਚਿੱਤਰ ਸਿੰਘ ਕੋਟਲਾ ਹਾਜ਼ਰ ਸਨ।