ਪੱਤਰ ਪ੍ਰੇਰਕ
ਰਾਜਪੁਰਾ, 25 ਅਗਸਤ
ਸਥਾਨਕ ਨਗਰ ਕੌਂਸਲ ਵਿੱਚ ਤਾਇਨਾਤ ਸਿਵਲ ਇੰਜਨੀਅਰ (ਜੇਈ) ਰਾਜੀਵ ਕੁਮਾਰ ਸ਼ਰਮਾ (46) ਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਾਜੀਵ ਕੁਮਾਰ ਸ਼ਰਮਾ ਮੂਲ ਤੌਰ ’ਤੇ ਕੁਰਾਲੀ (ਰੋਪੜ) ਦਾ ਵਸਨੀਕ ਹੈ ਤੇ ਲਗਪਗ ਇੱਕ ਮਹੀਨਾ ਪਹਿਲਾਂ ਹੀ ਉਸ ਦੀ ਬਦਲੀ ਬਨੂੜ ਤੋਂ ਰਾਜਪੁਰਾ ਵਿੱਚ ਹੋਈ ਸੀ। ਥਾਣਾ ਖੇੜੀ ਗੰਡਿਆਂ ਦੀ ਪਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਭੇਜੀ ਹੈ। ਮ੍ਰਿਤਕ ਦੀ ਪਤਨੀ ਮੰਜੂ ਸ਼ਰਮਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਰਾਜੀਵ ਘਰ ਤੋਂ ਧੂਪ ਦੀ ਸਮੱਗਰੀ ਲੈ ਕੇ ਤੁਰਿਆ ਸੀ। ਰਾਹ ਵਿੱਚ ਪਿੰਡ ਖੇੜੀ ਗੰਡਿਆਂ ਨੇੜੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਸਮੱਗਰੀ ਜਲ-ਪ੍ਰਵਾਹ ਕਰਦਿਆਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿੱਚ ਡਿੱਗ ਗਿਆ।