ਮਨਧੀਰ ਸਿੰਘ ਦਿਓਲ/ਟਨਸ
ਨਵੀਂ ਦਿੱਲੀ, 10 ਫਰਵਰੀ
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਅੰਦੋਲਨ ਤੇਜ਼ ਕਰਦਿਆਂ ਅੱਜ ਐਲਾਨ ਕੀਤਾ ਹੈ ਕਿ ਦੇਸ਼ ਵਿੱਚ 18 ਫਰਵਰੀ ਨੂੰ ਚਾਰ ਘੰਟੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ ਅਤੇ 12 ਫਰਵਰੀ ਤੋਂ ਰਾਜਸਥਾਨ ਦੇ ਟੌਲ ਪਲਾਜ਼ਿਆਂ ਨੂੰ ਆਮ ਲੋਕਾਂ ਲਈ ਫੀਸ ਮੁਕਤ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐੱਫ ਦੇ ਜਵਾਨਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ ਤੇ ਮਸ਼ਾਲ ਜਲੂਸ ਕੱਢੇ ਜਾਣਗੇ। ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ‘ਰੇਲ ਰੋਕੋ’ ਅੰਦੋਲਨ ਕੀਤਾ ਜਾਵੇਗਾ। ਮੋਰਚੇ ਨੇ ਅਗਲੇ ਇਕ ਹਫ਼ਤੇ ਲਈ ਐਲਾਨੇ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕਦਿਆਂ ਕਿਹਾ ਕਿ 12 ਫਰਵਰੀ ਤੋਂ ਰਾਜਸਥਾਨ ਵਿੱਚ ਟੌਲ ਪਲਾਜ਼ੇ ਟੌਲ ਮੁਕਤ ਕੀਤੇ ਜਾਣਗੇ। ਬੈਠਕ ਵਿੱਚ ਮੋਰਚੇ ਨਾਲ ਜੁੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਉੱਤਰ ਪ੍ਰਦੇਸ਼, ਹਰਿਆਣਾ ਤੇ ਹੋਰ ਰਾਜਾਂ ਦੇ ਆਗੂ ਸ਼ਾਮਲ ਹੋਏ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਮੈਂਬਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਨੇ ਅੰਦੋਲਨ ਨੂੰ ਭਖਾਉਣ ਦਾ ਫੈਸਲਾ ਕੀਤਾ ਹੈ। ਇਸੇ ਕੜੀ ਤਹਿਤ 18 ਫਰਵਰੀ ਨੂੰ ‘ਰੇਲ ਰੋਕੋ’ ਪ੍ਰੋਗਰਾਮ ਤਹਿਤ ਬਾਅਦ ਦੁਪਹਿਰ 12ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲਗੱਡੀਆਂ ਰੋਕੀਆਂ ਜਾਣਗੀਆਂ। ਪੰਜਾਬ ਤੇ ਹਰਿਆਣਾ ਮਗਰੋਂ ਹੁਣ 12 ਫਰਵਰੀ ਤੋਂ ਰਾਜਸਥਾਨ ਦੇ ਟੌਲ ਪਲਾਜ਼ੇ ਟੌਲ ਮੁਕਤ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ। ਪਿਛਲੇ ਦਿਨੀਂ ਕਿਸਾਨ ਮੋਰਚੇ ਵੱਲੋਂ ਤਿੰਨ ਘੰਟੇ ਦਾ ‘ਚੱਕਾਜਾਮ’ ਕੀਤਾ ਗਿਆ ਸੀ। ਉਧਰ ਸਰਕਾਰ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਫ਼ਾਇਦੇਮੰਦ ਹਨ। ਉਹ ਕਿਤੇ ਵੀ ਜਾ ਕੇ ਆਪਣੀ ਫ਼ਸਲ ਵੇਚ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ’ਚ ਵਾਧਾ ਹੋਵੇਗਾ।