ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 7 ਅਗਸਤ
ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਮੌਕੇ ਬੀਬੀ ਸੁਰਿੰਦਰ ਕੌਰ ਲਬਿੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਪਵਨਪ੍ਰੀਤ ਕੌਰ ਲਬਿੜਾ, ਜਸਵਿੰਦਰ ਕੌਰ ਵਾਲੀਆ, ਸਮਰਬੀਰ ਕੌਰ ਬਾਜਵਾ ਅਤੇ ਮ੍ਰਿਣਾਲਿਨੀ ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਪੀਘਾਂ ਝੂਟ ਕੇ ਤੀਆਂ ਦੇ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਵਿਰਾਸਤੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਤੀਜ ਮੇਲੇ ਵਿਚ ਪੁਰਾਤਨ ਵਿਰਾਸਤੀ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮਿਸ ਤੀਜ ਦਾ ਖ਼ਿਤਾਬ 12ਵੀਂ ਜਮਾਤ ਦੇ ਕਾਮਰਸ ਵਿਭਾਗ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਜਿੱਤਿਆ, ਜਦੋਂਕਿ ਨਵਜੋਤ ਕੌਰ ਨੇ ਦੂਜਾ ਅਤੇ ਸਾਇੰਸ ਗਰੁੱਪ ਦੀ ਨਵਪ੍ਰੀਤ ਕੌਰ ਤੇ ਤਰਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਮੁਟਿਆਰਾਂ ਨੇ ਪੇਸ਼ ਕੀਤੀ ਪੰਜਾਬੀ ਵਿਰਸੇ ਦੀ ਝਲਕ
ਚੰਡੀਗੜ੍ਹ (ਪੱਤਰ ਪ੍ਰੇਰਕ): ਪਿੰਡ ਖੁੱਡਾ ਅਲੀਸ਼ੇਰ ਵਿੱਚ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਅਤੇ ਚਾਵਾਂ ਨਾਲ ਮਨਾਇਆ ਗਿਆ। ਪਿੰਡ ਦੀ ਸੱਥ ਵਿੱਚ ਇਕੱਠੀਆਂ ਹੋਈਆਂ ਤ੍ਰੀਮਤਾਂ ਵੱਲੋਂ ਪਿੰਡ ਦੇ ਪੁਰਾਣੇ ਬੋਹੜ ਦੇ ਦਰੱਖਤ ਹੇਠ ਕਰਵਾਏ ਪ੍ਰੋਗਰਾਮ ਵਿਚ ਗਿੱਧੇ-ਭੰਗੜੇ ਦੇ ਨਾਲ-ਨਾਲ ਛੋਟੀਆਂ ਬੱਚੀਆਂ ਤੋਂ ਵੀ ਵੱਖ-ਵੱਖ ਗੀਤਾਂ ਉਤੇ ਗਿੱਧਾ ਅਤੇ ਭੰਗੜਾ ਪਵਾਇਆ ਗਿਆ। ਸਟੇਜ ਦੀ ਕਾਰਵਾਈ ਪਿੰਡ ਦੀ ਵਸਨੀਕ ਅਤੇ ਇਸ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅੰਮ੍ਰਿਤ ਕੌਰ ਅਤੇ ਉਸ ਦੀਆਂ ਸਹੇਲੀਆਂ ਵੱਲੋਂ ਚਲਾਈ ਗਈ। ਛੋਟੀਆਂ ਬੱਚੀਆਂ ਤੋਂ ਲੈ ਕੇ ਪਿੰਡ ਦੀਆਂ ਮੁਟਿਆਰਾਂ ਦੇ ਨਾਲ-ਨਾਲ ਬਜ਼ੁਰਗ ਔਰਤਾਂ ਨੇ ਵੀ ਤੀਆਂ ਦੇ ਪ੍ਰੋਗਰਾਮ ਵਿੱਚ ਸਾਂਝ ਪਾਈ, ਜਿਨ੍ਹਾਂ ਨੇ ਆਪਣੀਆਂ ਪੁਰਾਣੀਆਂ ਬੋਲੀਆਂ ਪਾ ਕੇ ਪੁਰਾਤਨ ਅਮੀਰ ਪੰਜਾਬੀ ਵਿਰਸੇ ਦੀ ਯਾਦ ਤਾਜ਼ਾ ਕਰਵਾਈ।
ਪ੍ਰਨੀਤ ਕੌਰ ਦੇ ਸਿਰ ਸਜਿਆ ਮਿਸ ਤੀਜ ਦਾ ਖ਼ਿਤਾਬ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਕਲਾ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਤੀਆਂ ਦਾ 22ਵਾਂ ਮੇਲਾ ਇੱਥੇ ਅਨਾਜ ਮੰਡੀ ਵਿੱਚ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਡਾ. ਜਸਕਿਰਤ ਕੌਰ ਗਿੱਲ ਨੇ ਰੀਬਨ ਕੱਟ ਕੇ ਕੀਤਾ, ਜਦੋਂ ਕਿ ਜਾਗੋ ਦੀ ਰਸਮ ਦਾ ਉਦਘਾਟਨ ਏਡੀਸੀ ਸੋਨਾ ਥਿੰਦ ਅਤੇ ਡਾ. ਚਿੱਤਰਾਂ ਬਾਂਸਲ ਨੇ ਕੀਤੀ। ਮੇਲੇ ਦੌਰਾਨ ਮਿਸ ਤੀਜ ਦੇ ਮੁਕਾਬਲੇ ਵਿਚ ਪਹਿਲਾਂ ਸਥਾਨ ਵਿਦਿਆਰਥਣ ਪ੍ਰਨੀਤ ਕੌਰ ਮਹਾਰਾਣੀ ਸਤਿੰਦਰ ਕੌਰ ਸਕੂਲ ਬੇਲਾ, ਦੂਜਾ ਸਥਾਨ ਕਮਲਪ੍ਰੀਤ ਕੌਰ ਗੁਰੂ ਰਾਮ ਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ ਅਤੇ ਤੀਜਾ ਸਥਾਨ ਆਸ਼ੂ ਸ਼ਰਮਾ ਗੋਲਡਨ ਅਕੈਡਮੀ ਚਮਕੌਰ ਸਾਹਿਬ ਨੇ ਪ੍ਰਾਪਤ ਕੀਤਾ।