ਪੱਤਰ ਪ੍ਰੇਰਕ
ਤਪਾ ਮੰਡੀ, 27 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਪਾ ਦੀ ਪੁਰਾਣੀ ਅਨਾਜ ਮੰਡੀ ਵਿਚ ਕਾਂਗਰਸ ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਭਦੌੜ ਦੇ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਅਤੇ ਹਲਕੇ ਦੀਆਂ ਸੜਕਾਂ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਮ ਆਦਮੀ ਦੇ ਕਨਵੀਨਰ ਅਰਵਿੰਦ ਕੇਜਬੀਵਾਲ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਸ ਕੋਲੋਂ ਆਪਣੀ ਪਾਰਟੀ ਤਾਂ ਸਾਂਭੀ ਨਹੀਂ ਜਾਂਦੀ ਪੰਜਾਬ ਨੂੰ ਕਿਸ ਤਰ੍ਹਾਂ ਸੰਭਾਲ ਸਕਦਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਮੂੰਹ ਮੰਗੀਆਂ ਰਿਆਇਤਾਂ ਦੇ ਕੇ ਸਰਕਾਰ ਨੇ ਉਹ ਕਰ ਵਿਖਾਇਆ ਹੈ ਜੋ ਬਾਦਲ ਸਰਕਾਰ ਤੋਂ ਆਪਣੇ ਰਾਜ ਦੇ 10 ਵਰ੍ਹਿਆਂ ਦੇ ਸ਼ਾਸ਼ਨ ਕਾਲ ਦੌਰਾਨ ਨਹੀਂ ਕੀਤਾ। ਉਨ੍ਹਾਂ ਟੈਂਕੀ ’ਤੇ ਚੜਨ ਵਾਲੇ ਬੇਰੁਜ਼ਗਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀ ਆ ਕੇ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ ਨਹੀਂ ਤਾਂ ਟੈਂਕੀ ’ਤੇ ਚੜ੍ਹਨ ਵਾਲਿਆਂ ਅਤੇ ਧਰਨਾਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਤੁਰ ਫਿਰੇ ਹਨ ਤੇ ਕਦੀ ਚੱਜ ਨਾਲ ਸੌਂ ਕੇ ਵੀ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਉਹ ਹਰ ਕਿਸੇ ਲਈ ਗੱਲ ਕਰਨ ਲਈ ਤਿਆਰ ਹਨ ਜਦੋਂ ਮਰਜ਼ੀ ਆ ਕੇ ਕੋਈ ਵੀ ਮਿਲ ਸਕਦਾ ਹੈ।