ਪੱਤਰ ਪ੍ਰੇਰਕ
ਮਾਨਸਾ, 7 ਜੂਨ
ਮਾਲਵਾ ਪੱਟੀ ਵਿਚ ਗਰਮੀ ਦਾ ਪ੍ਰਕੋਪ ਵੱਧਣ ਮਗਰੋਂ ਪਿਛਲੇ ਹਫ਼ਤੇ ਤੋਂ ਪੇਂਡੂ ਖੇਤਰ ਵਿਚ ਕੂਲਰ ਵਿਕਣ ਦੀ ਦਰ ’ਚ ਬੇਤਹਾਸ਼ਾ ਇਜ਼ਾਫ਼ਾ ਹੋਇਆ ਹੈ, ਜਦੋਂ ਕਿ ਸ਼ਹਿਰਾਂ ਵਿਚ ਏਸੀ ਦੀ ਖਰੀਦਦਾਰੀ ਜ਼ੋਰਾਂ ’ਤੇ ਹੈ। ਏਸੀ ਦੇ ਜ਼ਮਾਨੇ ਵਿਚ ਹੁਣ ਕੂਲਰ ਮੱਧ ਵਰਗੀ ਪਰਿਵਾਰਾਂ ਦੀ ਪਹਿਲੀ ਪਸੰਦ ਬਣਨ ਲੱਗਿਆ ਹੈ। ਕੂਲਰ ਵੇਚਣ ਦੀਆਂ ਦੁਕਾਨਾਂ ਵੀ ਹੁਣ ਸ਼ਹਿਰੀ ਖੇਤਰ ਦੀ ਬਜਾਏ ਦਿਹਾਤੀ ਖੇਤਰ ਵਿਚ ਵੱਧ ਖੁੱਲ੍ਹਣ ਲੱਗੀਆਂ ਹਨ।
ਇਥੇ ਦਿਲਚਸਪ ਗੱਲ ਹੈ ਕਿ ਆਮ ਗਰਮੀਆਂ ਦੇ ਦਿਨਾਂ ਦੌਰਾਨ, ਜਦੋਂ ਜੇਠ ਦਾ ਦਾ ਮਹੀਨਾ ਚੜ੍ਹ ਜਾਂਦਾ ਹੈ ਤਾਂ ਇਨ੍ਹਾਂ ਕੂਲਰਾਂ ਦੀ ਵਿਕਰੀ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਜੇਠ ਦੇ ਮਹੀਨੇ ਵਿਚ ਕੂਲਰਾਂ ਵਾਲੀਆਂ ਦੁਕਾਨਾਂ ਤੋਂ ਇਨ੍ਹਾਂ ਦੀ ਵਿਕਰੀ ਧੜਾ-ਧੜ ਹੋਣ ਲੱਗੀ ਹੈ। ਹਰ-ਰੋਜ਼ ਹੀ ਦੁਕਾਨਦਾਰਾਂ ਵਲੋਂ ਫੈਕਟਰੀ ਵਾਲਿਆਂ ਨੂੰ ਨਵੇਂ ਕੂਲਰ ਭੇਜਣ ਦੇ ਆਰਡਰ ਦਿੱਤੇ ਜਾ ਰਹੇ ਹਨ।
ਕੂਲਰਾਂ ਦੇ ਕਾਰੋਬਾਰ ਕਰਨ ਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਪੈ ਰਹੀ ਗਰਮੀ ਕਾਰਨ ਦਿਹਾਤੀ ਖੇਤਰ ਵਿਚ ਕੂਲਰਾਂ ਦੀ ਵਿਕਰੀ ਵਿਚ ਜਿਹੜਾ ਵਾਧਾ ਹੋਇਆ ਹੈ, ਉਸ ਨੇ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤਾ ਹੈ। ਵਰਤਮਾਨ ਸਮੇਂ ਦੌਰਾਨ ਥੋੜ੍ਹੇ ਦਿਨਾਂ ਬਾਅਦ ਹੀ ਬਰਸਾਤ ਪੈਣ ਸਦਕਾ, ਭਾਵੇਂ ਵੱਟ ਕੱਢਣ ਵਾਲੀ ਗਰਮੀ ਅਜੇ ਸ਼ੁਰੂ ਨਹੀਂ ਹੋਈ, ਪਰ ਫਿਰ ਵੀ ਲੋਕਾਂ ਨੇ ਕੂਲਰਾਂ ਦੀ ਖਰੀਦ ਫਰੋਖਤ ਕਰਨੀ ਜ਼ਰੂਰੀ ਕਰ ਰੱਖੀ ਹੈ।
ਹਰ-ਰੋਜ਼ ਵੱਧ ਰਹੀ ਗਰਮੀ ਕਾਰਨ ਕੂਲਰਾਂ ਤੋਂ ਸਹੀ ਰੂਪ ਵਿਚ ਕੰਮ ਲੈਣ ਲਈ ਲੋਕਾਂ ਨੇ ਨਵੇਂ ਸਿਰਿਓ ਰੰਗ-ਰੋਗਨ ਤੇ ਮੁਰੰਮਤਾਂ ਕਰਵਾਉਣ ਵਿਚ ਵੀ ਘੇਸਲ ਨਹੀਂ ਵੱਟੀ, ਜਿਸ ਕਾਰਨ ਮਿਸਤਰੀਆਂ ਦੀ ਦਿਹਾੜੀ ਵੀ ਚੰਗੀ ਬਣੀ ਹੈ। ਕੂਲਰਾਂ ਵਿਚ ਪੈਂਦੇ ਨਿੱਕੇ-ਮੋਟੇ ਨੁਕਸਾਂ ਨੂੰ ਲੈ ਕੇ ਵੀ ਘਰਾਂ ’ਚ ਜਾਕੇ ਬਿਜਲਈ ਯੰਤਰਾਂ ਨੂੰ ਠੀਕ ਕਰਨ ਵਾਲੇ ਕਾਮਿਆਂ ਕੋਲ ਸਮੇਂ ਦੀ ਕਮੀ ਰਹਿਣ ਲੱਗੀ ਹੈ।
ਮਾਨਸਾ ਵਿੱਚ ਨਵੇਂ ਕੂਲਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਮਾਲਕਾਂ ਨੇ ਦੱਸਿਆ ਕਿ ਕੂਲਰਾਂ ਦੀਆਂ ਕੀਮਤਾਂ ਹਰ ਵਿਅਕਤੀ ਦੀ ਪਹੁੰਚ ਦੇ ਘੇਰੇ ਵਿਚ ਹਨ। ਹਰ ਲੋੜਵੰਦ ਵਿਅਕਤੀ ਆਪਣੀ ਪਹੁੰਚ ਤੇ ਸਹੂਲਤ ਮੁਤਾਬਕ ਸਸਤੇ ਤੋਂ ਸਸਤਾ ਅਤੇ ਮਹਿੰਗਾ ਤੋਂ ਮਹਿੰਗਾ ਕੂਲਰ ਫਿਟ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਛੋਟਾ ਕੂਲਰ 8 ਤੋਂ 9 ਹਜ਼ਾਰ ਰੁਪਏ ਤੱਕ ਅਤੇ ਵੱਡਾ ਕੂਲਰ 10 ਤੋਂ 11 ਹਜ਼ਾਰ ਰੁਪਏ ਤੱਕ ਤਿਆਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਗਰਮੀ ਦਾ ਸੀਜ਼ਨ ਪਹਿਲਾਂ ਦੇ ਮੁਕਾਬਲੇ ਵੱਧ ਲੰਬਾ ਹੋਣ ਸਦਕਾ ਲੋਕਾਂ ਵਲੋਂ ਹੁਣ ਕੂਲਰਾਂ ਦੀ ਕੀਤੀ ਜਾ ਰਹੀ ਲਗਾਤਾਰ ਖਰੀਦ ਕਾਰਨ ਫੈਕਟਰੀਆਂ ਤੋਂ ਕੂਲਰ, ਗਾਹਕਾਂ ਦੀ ਮੰਗ ਅਨੁਸਾਰ ਪੂਰੇ ਕਰਨੇ ਔਖੇ ਹੋ ਰਹੇ ਹਨ।