ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਈ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਸ਼ਹਿਰ ਵਾਸੀਆਂ ਨੂੰ 24 ਘੰਟੇ 7 ਦਿਨ ਨਿਰਵਿਘਨ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦੇ ਪ੍ਰਾਜੈਕਟ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਬੀਤੇ ਦਿਨੀਂ ਗਠਿਤ ਕੀਤੀ ਵੱਖ-ਵੱਖ ਵਿਭਾਗਾਂ ਦੀ ਸਾਂਝੀ ਤਾਲਮੇਲ ਕਮੇਟੀ ਨਾਲ ਮੀਟਿੰਗ ਕਰਕੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅਬਲੋਵਾਲ ਵਿੱਚ ਲੱਗ ਰਹੇ ਨਹਿਰੀ ਪਾਣੀ ’ਤੇ ਅਧਾਰਤ ਪ੍ਰਾਜੈਕਟ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਇਸ ਪ੍ਰਾਜੈਕਟ ਦੇ ਕੰਮ ’ਚ ਦਰਪੇਸ਼ ਕਿਸੇ ਵੀ ਔਕੜ ਜਾਂ ਰੁਕਾਵਟ ਨੂੰ ਤੁਰੰਤ ਦੂਰ ਕਰਨ। ਸਾਂਝੀ ਤਾਲਮੇਲ ਕਮੇਟੀ ਦੀ ਇਸ ਮੀਟਿੰਗ ’ਚ ਨਗਰ ਨਿਗਮ, ਇੰਪਰੂਵਮੈਂਟ ਟਰਸਟ, ਪੀ.ਡੀ.ਏ, ਜਲ ਸਰੋਤ, ਜਲ ਸਪਲਾਈ ਤੇ ਸੀਵਰੇਜ, ਲੋਕ ਨਿਰਮਾਣ ਦੀਆਂ ਵੱਖ-ਵੱਖ ਬ੍ਰਾਂਚਾਂ, ਜੰਗਲਾਤ, ਬਿਜਲੀ ਨਿਗਮ ਆਦਿ ਦੇ ਅਧਿਕਾਰੀਆਂ ਸ਼ਾਮਲ ਸਨ। ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਹੋਣ ਵਾਲੇ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇ। ਡੀਸੀ ਨੇ ਏਡੀਸੀ (ਯੂਡੀ.) ਗੌਤਮ ਜੈਨ ਨੂੰ ਪ੍ਰਾਜੈਕਟ ਦੇ ਕੰਮ ਦੀ ਹਫ਼ਤਾਵਾਰੀ ਸਮੀਖਿਆ ਕਰਨ ਲਈ ਵੀ ਆਖਿਆ। ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜਸਲੀਨ ਕੌਰ ਭੁੱਲਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।