ਜਸਬੀਰ ਸ਼ੇਤਰਾ
ਜਗਰਾਉਂ, 13 ਅਪਰੈਲ
ਇਥੇ ਰੇਲਵੇ ਪਾਰਕ ਅਤੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੌਕੀਮਾਨ ਟੌਲ ਪਲਾਜ਼ਾ ਉਪਰ ਕਿਸਾਨਾਂ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ। ਧਰਨਾਕਾਰੀ ਕਿਸਾਨਾਂ ਨੇ ਨਾਅਰਿਆਂ ਦੀ ਗੂੰਜ ’ਚ ਕਿਸਾਨ ਮਜ਼ਦੂਰ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ। ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਬਰਸੀ ਵੀ ਮਨਾਈ ਤੇ ਰੇਲਵੇ ਪਾਰਕ ’ਚ ਮੋਰਚੇ ਦੇ 195ਵੇਂ ਦਿਨ ਦੋ ਮਿੰਟ ਦਾ ਮੌਨ ਧਾਰ ਕੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੀਕੇਯੂ ਏਕਤਾ (ਡਕੌਂਦਾ) ਆਗੂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਾਲਬਿ ਦੀ ਪ੍ਰਧਾਨਗੀ ਹੇਠ ਮੰਚ ਸੰਚਾਲਨ ਧਰਮ ਸਿੰਘ ਸੂਜਾਪੁਰ ਨੇ ਕੀਤਾ। ਕਿਸਾਨ ਆਗੂ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਦੋਨਾਂ ਮਹਾਨ ਘਟਨਾਵਾਂ ਤੋਂ ਪ੍ਰੇਰਨਾ ਲੈਂਦਿਆਂ ਅੱਜ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ। ਪੰਜਾਬ ’ਵਰਸਟੀ ਦੀ ਵਿਦਿਆਰਥੀ ਆਗੂ ਅਮਨ ਨੇ ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਦੇ ਓਡਵਾਇਰਾਂ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਤਰਕਸ਼ੀਲ ਆਗੂ ਸੁਰਜੀਤ ਦੌਧਰ ਨੇ ਖਾਲਸੇ ਦੀ ਸਾਜਨਾ ਦੀ ਇਤਿਹਾਸਕ ਘਟਨਾ ਨੂੰ ਸੰਸਾਰ ਦੇ ਸਮੂਹ ਲੋਕਾਂ ਲਈ ਠੋਸ ਮਾਰਗ ਸੇਧ ਕਰਾਰ ਦਿੱਤਾ। ਇਸੇ ਤਰ੍ਹਾਂ ਫ਼ਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ’ਤੇ ਚੌਕੀਮਾਨ ਟੌਲ ਪਲਾਜ਼ਾ ’ਤੇ ਵੀ ਇਹ ਤਿਉਹਾਰ ਮਨਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮਨਾਏ ਗਏ ਇਸ ਦਿਵਸ ਮੌਕੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਹੋਰ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।
ਲੁਧਿਆਣਾ (ਸਤਵਿੰਦਰ ਬਸਰਾ/ਗੁਰਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲੁਧਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਐੱਮਬੀਡੀ ਮਾਲ ਅੱਗੇ ਚੱਲ ਰਿਹਾ ਧਰਨਾ ਅੱਜ 156ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਸਮੇਂ-ਸਮੇਂ ਦੀਆਂ ਹਕੂਮਤਾਂ ਹੱਕੀ ਸੰਘਰਸ਼ਾਂ ਲਈ ਜੂਝਣ ਵਾਲੇ ਸਾਧਾਰਨ ਲੋਕਾਂ ’ਤੇ ਤਸ਼ੱਦਦ ਕਰਦੀਆਂ ਰਹੀਆਂ ਹਨ। ਮੁਗਲ ਹਕੂਮਤ ਦੇ ਜਬਰ ਖਿਲਾਫ਼ 13 ਅਪਰੈਲ 1699 ਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਫਿਰ ਅੰਗਰੇਜ਼ ਹਕੂਮਤ ਨੇ 13 ਅਪਰੈਲ 1919 ਨੂੰ ਇਨਸਾਫ਼ ਲਈ ਜੂਝਣ ਵਾਲੇ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ। ਇਸ ਸਬੰਧੀ ਅੱਜ ਸਭ ਤੋਂ ਪਹਿਲਾਂ ਪੰਡਾਲ ਵਿੱਚ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਕੈਂਪ ਆਗੂ ਭਰਪੂਰ ਸਿੰਘ ਥਰੀਕੇ, ਗੁਰਪ੍ਰੀਤ ਸਿੰਘ ਨੂਰਪੁਰਾ ਨੇ ਦੱਸਿਆ ਕਿ ਮੋਦੀ ਹਕੂਮਤ ਸਾਰਾ ਦੇਸ਼ ਕਾਰਪੋਰੇਟਾਂ ਨੂੰ ਵੇਚ ਰਹੀ ਹੈ। ਦੱਸਣਯੋਗ ਹੈ ਕਿ ਅੱਜ ਦੇ ਧਰਨੇ ਵਿੱਚ ਆਲੇ ਦੁਆਲੇ ਦੇ 22 ਪਿੰਡਾਂ ਤੋਂ ਲੋਕ ਪਹੁੰਚੇ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਅੱਜ ਇਥੇ ਕਿਸਾਨਾਂ ਦੇ ਵੱਡੇ ਇੱਕਠ ਨੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਂਦਿਆਂ ਪੰਜ ਬਾਣੀਆਂ ਦੇ ਪਾਠ ਉਪਰੰਤ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਮੋਰਚੇ ’ਤੇ ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਸਾਨਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਲੜੀਵਾਰ ਧਰਨੇ ਦੀ ਅਗਵਾਈ ਡਾ. ਗਗਨਦੀਪ ਕੌਰ, ਕੁਲਜੀਤ ਕੌਰ ਗਰੇਵਾਲ ਅਤੇ ਅਮਨਦੀਪ ਕੌਰ ਨੇ ਕੀਤੀ। ਜਨਵਾਦੀ ਇਸਤਰੀ ਸਭਾ ਦੀ ਆਗੂ ਕੁਲਜੀਤ ਕੌਰ ਗਰੇਵਾਲ, ਸੁਖਵਿੰਦਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਕਿਸਾਨ ਆਗੂ ਜਗਤਾਰ ਸਿੰਘ ਚਕੋਹੀ ਅਤੇ ਨੌਜਵਾਨ ਆਗੂ ਹਰਨੇਕ ਸਿੰਘ ਗੁਜਰਵਾਲ ਨੇ ਮੋਦੀ ਸਰਕਾਰ ਦੀ ਹਠਧਰਮੀ ਦੀ ਨਿੰਦਾ ਕਰਦਿਆਂ ਕਿਸਾਨੀ ਘੋਲ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਉਨ੍ਹਾਂ ਕਿਹਾ ਕਿ ਭਲਕੇ ਇੱਥੇ ਹੀ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸੰਵਿਧਾਨ ਬਚਾਓ ਦਿਹਾੜਾ ਮਨਾਉਣ ਸਮੇਂ ‘ਸੰਵਿਧਾਨ ਖ਼ਤਰੇ ਵਿਚ ਹੈ’ ਨਾਟਕ ਵੀ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਹਿੱਸੋਵਾਲ ਟੌਲ ਪਲਾਜ਼ਾ ‘ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਮਨਾਉਂਦਿਆਂ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਹੋਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਕਿਸਾਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ। ਕਿਸਾਨ ਆਗੂ ਦਲਜੀਤ ਕੌਰ ਰੱਤੋਵਾਲ, ਸਰਬਜੀਤ ਸਿੰਘ, ਹਰਦੀਪ ਸਿੰਘ ਟੂਸੇ, ਕੁਲਦੀਪ ਸਿੰਘ ਰੱਤੋਵਾਲ ਸਣੇ ਹੋਰਨਾਂ ਨੇ ਐਲਾਨ ਕੀਤਾ ਕਿ ਸਾਰੇ ਤਿਉਹਾਰ ਹੁਣ ਕਿਸਾਨ ਮੋਰਚਿਆਂ ‘ਤੇ ਹੀ ਮਨਾਏ ਜਾਣਗੇ।