ਸਰਬਜੀਤ ਸਾਗਰ
ਦੀਨਾਨਗਰ, 13 ਅਗਸਤ
ਰਾਜ ਪੱਧਰੀ ਮੇਲਾ ‘ਤੀਆਂ ਤੀਜ ਦੀਆਂ’ ਅੱਜ ਦੀਨਾਨਗਰ ’ਚ ਮਨਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਖੁਸ਼ੀਆਂ ਤੇ ਚਾਵਾਂ ਵਾਲਾ ਹੈ ਅਤੇ ਇਹ ਦਿਨ ਔਰਤਾਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਅੱਗੇ ਵੱਧਣ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਗਏ ਹਨ। ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲ, ਐਸਡੀਐਮ ਇਨਾਇਤ, ਸ਼ਾਹਲਾ ਕਾਦਰੀ ਅੇ ਡਾ. ਹਰਨੀਤ ਕੌਰ ਭਾਟੀਆ ਨੇ ਵੀ ਤੀਆਂ ਦੀ ਮੁਬਾਰਕਬਾਦ ਦਿੱਤੀ।
ਕੈਬਨਿਟ ਮੰਤਰੀ ਨੇ ਵੱਖ-ਵੱਖ ਸਟਾਲਾਂ ਵਿੱਚ ਜਾ ਕੇ ਘਰੇਲੂ ਖਾਣੇ ਦਾ ਆਨੰਦ ਵੀ ਮਾਣਿਆ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਦਕਿ ਪ੍ਰੋਫੈਸਰ ਦੀਪਮਾਲਾ ਵੱਲੋਂ ਹਾਜ਼ਰ ਔਰਤਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਵਾਇਤੀ ਵਸਤੂਆਂ ਬਾਰੇ ਸੁਆਲ ਪੁੱਛੇ ਗਏ। ਸਮਾਗਮ ਦੀ ਸਮਾਪਤੀ ਪੰਜਾਬ ਦੇ ਲੋਕ ਨਾਚ ਗਿੱਧੇ ਨਾਲ ਹੋਈ, ਜਿਸ ਵਿੱਚ ਮੁਟਿਆਰਾਂ ਸਣੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਲਾਵਾਂ ਨੇ ਹਿੱਸਾ ਲੈ ਕੇ ਇਸ ਨੂੰ ਯਾਦਗਾਰੀ ਬਣਾ ਦਿੱਤਾ।
ਇਸ ਮੌਕੇ ਸੀਨੀਅਰ ਨੇਤਾ ਅਸ਼ੋਕ ਚੌਧਰੀ, ਅਭਿਨਵ ਚੌਧਰੀ, ਜ਼ਿਲਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਗੁਰਜਿੰਦਰ ਸਿੰਘ ਮੌੜ, ਸਰਬਜੀਤ ਕੌਰ ਪਾਹੜਾ, ਅੰਮ੍ਰਿਤਬੀਰ ਕੌਰ ਵਾਲੀਆ, ਸਤਿੰਦਰ ਕੌਰ, ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸਰਪੰਚ ਗੀਤਾ ਠਾਕਰ, ਸਰਪੰਚ ਵੀਨੂੰ ਅਤੇ ਨਮਿਤਾ ਗੁਪਤਾ ਹਾਜ਼ਰ ਸਨ।