ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਸਮਾਜ ਵਿਰੋਧੀ ਅਨਸਰਾਂ ਜਾਂ ਅਤਿਵਾਦੀਆਂ ਵੱਲੋਂ ਖੜ੍ਹੇ ਆਮ ਲੋਕਾਂ ਦੀ ਸੁਰੱਖਿਆ ਲਈ ਖਤਰੇ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਡਰੋਨ, ਪੈਰਾਗਲਾਈਡਰ, ਯੂਏਵੀ, ਯੂਏਐਸ, ਮਾਈਕ੍ਰੋਲਾਈਟ ਜਹਾਜ਼ਾਂ ਤੇ ਹੌਟ-ਏਅਰ ਬੈਲੂਨ ਦੀ ਸੁਤੰਤਰਤਾ ਦਿਵਸ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਉਡਾਣ ’ਤੇ ਪਾਬੰਦੀ ਲਗਾ ਦਿੱਤੀ। ਇਹ ਆਦੇਸ਼ ਅੱਜ ਤੋਂ ਲਾਗੂ ਹੋ ਗਿਆ ਹੈ। ਦਿੱਲੀ ਪੁਲੀਸ ਕਮਿਸ਼ਨਰ ਬਾਲਾਜੀ ਸ੍ਰੀਵਾਸਤਵ ਵੱਲੋਂ ਜਾਰੀ ਸਰਕੂਲਰ ਅਨੁਸਾਰ ਇਹ ਹੁਕਮ 16 ਜੁਲਾਈ ਤੋਂ ਲਾਗੂ ਹੋ ਜਾਵੇਗਾ ਤੇ 16 ਅਗਸਤ ਤੱਕ 32 ਦਿਨਾਂ ਦੀ ਮਿਆਦ ਲਈ ਲਾਗੂ ਰਹੇਗਾ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੁਝ ਅਪਰਾਧੀ, ਸਮਾਜ ਵਿਰੋਧੀ ਅਨਸਰ ਜਾਂ ਅਤਿਵਾਦੀ ਆਮ ਲੋਕਾਂ ਦੀ ਸੁਰੱਖਿਆ, ਪਤਵੰਤੇ ਲੋਕਾਂ ਤੇ ਮਹੱਤਵਪੂਰਣ ਸਥਾਨਾਂ ਦੀ ਵਰਤੋਂ ਲਈ ਖਤਰਾ ਪੈਦਾ ਕਰ ਸਕਦੇ ਹਨ। ਜਿਵੇਂ ਪੈਰਾ-ਗਲਾਈਡਰਾਂ, ਪੈਰਾ-ਮੋਟਰਾਂ, ਹੈਂਗ-ਗਲਾਈਡਰਾਂ, ਯੂਏਵੀਐਸ, ਯੂਏਐੱਸਐੱਸ, ਮਾਈਕ੍ਰੋਲਾਈਟ ਏਅਰਕਰਾਫਟਸ, ਰਿਮੋਟ ਪਾਇਲਟ ਏਅਰਕਰਾਫਟਸ, ਗਰਮ ਹਵਾ ਦੇ ਗੁਬਾਰੇ, ਛੋਟੇ ਆਕਾਰ ਦੇ ਸੰਚਾਲਿਤ ਹਵਾਈ ਜਹਾਜ਼, ਕੁਆਡਕਾਪਟਰ ਜਾਂ ਇੱਥੋਂ ਤੱਕ ਕਿ ਹਵਾਈ ਜਹਾਜ਼ ਤੋਂ ਪੈਰਾ-ਜੰਪਿੰਗ ਆਦਿ ਦੀ ਮਨਾਹੀ ਹੈ। ਅਜਿਹਾ ਕਰਨਾ ਭਾਰਤੀ ਦੰਡਾਵਲੀ ਦੀ ਧਾਰਾ 188 ਦੇ ਤਹਿਤ ਸਜ਼ਾ ਯੋਗ ਹੋਵੇਗਾ। ਇਸ ਨੋਟਿਸ ਨੂੰ ਡੀਸੀਐੱਸਪੀ, ਐੱਸਡੀਐੱਸਪੀ , ਏਸੀਐੱਸਪੀ ਆਦਿ ਦੇ ਦਫ਼ਤਰਾਂ ਤੇ ਸਾਰੇ ਪੁਲੀਸ ਸਟੇਸ਼ਨ ਤੇ ਦਫ਼ਤਰਾਂ ਦੇ ਨੋਟਿਸ ਬੋਰਡਾਂ ’ਤੇ ਚਿਪਕਾਇਆ ਜਾਵੇਗਾ।