ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਅਗਸਤ
ਸਰਕਾਰੀ ਸਕੂਲਾਂ ਵਿੱਚ ਨਵੀਂ ਸਿੱਖਿਆ ਨੀਤੀ ਦੇ ਤਹਿਤ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਨੇ ਸ਼ੂਗਰ ਕੇਨ ਬੋਰਡ ਦੇ ਮੈਂਬਰ ਤੇ ਜਜਪਾ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਸਿੰਘ ਖਹਿਰਾ ਨੂੰ ਉਪ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਹੈ। ਇਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖਤਮ ਨਾ ਕੀਤਾ ਜਾਏ ਤੇ ਸਕੂਲਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਏ। ਡਾ. ਖਹਿਰਾ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਵਿਚ ਛੇਤੀ ਹੀ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ ਨੂੰ ਮਿਲ ਕੇ ਉਨ੍ਹਾਂ ਦੀਆਂ ਜੋ ਵੀ ਮੰਗਾਂ ਹਨ ਨੂੰ ਪੂਰਾ ਕਰਾਉਣਗੇ। ਖਹਿਰਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਹਰ ਵਿਸ਼ੇ ਨੂੰ ਗੰਭੀਰਤਾ ਨਾਲ ਸੋਚਦੇ ਹਨ ਤੇ ਯੁਵਾ ਸੋਚ ਨਾਲ ਹੀ ਅਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਅਹਿਮ ਵਿਸ਼ਾ ਹੈ ਅਜਿਹੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖਾਲੀ ਨਹੀਂ ਰਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਸ ਸਕੂਲ ਵਿੱਚ ਬੱਚੇ ਪੰਜਾਬੀ ਪੜ੍ਹਨ ਦੇ ਇਛੁਕ ਹਨ, ਉੱਥੇ ਅਧਿਆਪਕ ਲਾਜ਼ਮੀ ਹੋਵੇਗਾ। ਇਸ ਮੌਕੇ ਗੁਰਨਾਮ ਸਿੰਘ, ਜਤਿੰਦਰ ਸਿੰਘ, ਨਰੈਣ ਸਿੰਘ, ਸਾਹਿਬ ਸਿੰਘ, ਦਲੇਰ ਸਿੰਘ, ਜਗਦੀਪ ਸਿੰਘ, ਸੰਜੇ, ਪ੍ਰਿਤਪਾਲ ਸਿੰਘ ਆਦਿ ਮੌਜੂਦ ਸਨ।