ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬਲਾਕ ਪੱਖੋਵਾਲ ਦੇ ਪਿੰਡ ਗੁੱਜਰਵਾਲ, ਫੱਲੇਵਾਲ, ਨਾਰੰਗਵਾਲ ਕਲਾਂ, ਹਿਮਾਂਯੂਪੁਰਾ ਅਤੇ ਨੰਗਲ ਖ਼ੁਰਦ ਵਿੱਚ ਪਾਣੀ ਬਚਾਓ, ਵਾਤਾਵਰਨ ਬਚਾਓ ਮੁਹਿੰਮ ਤਹਿਤ ਪੱਕੇ ਚੇਤਨਾ ਮੋਰਚੇ ਸ਼ੁਰੂ ਕੀਤੇ ਗਏ ਹਨ। ਵੱਖ-ਵੱਖ ਪਿੰਡਾਂ ਵਿਚ ਮੋਰਚਿਆਂ ‘ਤੇ ਡਟੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਚਰਨਜੀਤ ਸਿੰਘ ਫੱਲੇਵਾਲ, ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਦਰਸ਼ਨ ਸਿੰਘ ਫੱਲੇਵਾਲ, ਜਗਵਿੰਦਰ ਰਾਜੂ ਹਿਮਾਂਯੂਪੁਰ, ਬਲਜਿੰਦਰ ਸਿੰਘ, ਸੁਖਵੰਤ ਸਿੰਘ ਹਿਮਾਂਯੂਪੁਰ, ਹਰਪ੍ਰੀਤ ਕੌਰ ਗੁੱਜਰਵਾਲ ਅਤੇ ਅਮਰਜੀਤ ਕੌਰ ਨੇ ਕਿਹਾ ਕਿ ਪਾਣੀਆਂ ਦੇ ਡਿਗਦੇ ਪੱਧਰ ਲਈ ਸੂਬਾਈ ਅਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਖੇਤੀ ਦੇ ਸਾਮਰਾਜੀ ਮਾਡਲ ਨੂੰ ਹਰੇ ਇਨਕਲਾਬ ਦੇ ਨਾਂ ਨਾਲ ਵਡਿਆਇਆ ਸੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਵੱਧ ਪਾਣੀ ਖਪਤ ਕਰਨ ਵਾਲੀਆਂ ਫ਼ਸਲਾਂ ਲਈ ਮੰਡੀਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੇ ਕੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਵੱਲ ਧੱਕਿਆ ਗਿਆ ਹੈ, ਜਦਕਿ ਰਵਾਇਤੀ ਫ਼ਸਲਾਂ ਦੇ ਮੰਡੀਕਰਨ ਅਤੇ ਸਮਰਥਨ ਮੁੱਲ ਤੋਂ ਟਾਲ਼ਾ ਵੱਟਿਆ ਗਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸ਼ਹਿਰੀ ਮਲ-ਮੂਤਰ ਦਰਿਆਵਾਂ ਦੇ ਪਾਣੀਆਂ ਵਿੱਚ ਸੁੱਟ ਕੇ ਪਵਿੱਤਰ ਪਾਣੀਆਂ ਨੂੰ ਪਲੀਤ ਕੀਤਾ ਗਿਆ ਅਤੇ ਸਨਅਤਾਂ ਨੂੰ ਮਨਮਰਜ਼ੀ ਨਾਲ ਪਾਣੀ ਵਰਤਣ ਦੀ ਖੁੱਲ ਦਿੱਤੀ ਗਈ ਹੈ। ਇਸ ਵਰਤਾਰੇ ਦਾ ਠੀਕਰਾ ਵੀ ਕਿਸਾਨਾਂ ਸਿਰ ਹੀ ਭੰਨਿਆ ਗਿਆ। ਚੇਤਨਾ ਮੁਹਿੰਮ ਨੇ ਪਾਣੀਆਂ ਦੀ ਸੰਜਮੀ ਵਰਤੋਂ ਅਤੇ ਰੁੱਖ ਲਾਉਣ ਦੀ ਮੁਹਿੰਮ ਜ਼ੋਰ-ਸ਼ੋਰ ਨਾਲ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਕਿਸਾਨਾਂ ਵੱਲੋਂ ਮਾਮਲਾ ਹੱਲ ਨਾ ਹੋਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਪਿੰਡ ਘਲੋਟੀ ਵਿਖੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਬਲਾਕ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੇ ਤਸੱਲੀਬਖ਼ਸ਼ ਹੱਲ ਲਈ ਪਾਣੀ ਦੀ ਸੰਭਾਲ ਬਾਰੇ ਵਿੱਢੀ ਗਈ ਮੁਹਿੰਮ ਤਹਿਤ ਮੰਗ ਕੀਤੀ ਗਈ ਹੈ ਕਿ ਭੂ-ਜਲ-ਭੰਡਾਰ ਦੀ ਮੁੜ ਭਰਾਈ ਲਈ ਬਰਸਾਤੀ ਪਾਣੀ ਅਤੇ ਸਮੁੰਦਰ ਵੱਲ ਜਾ ਰਹੇ ਅਣਵਰਤੇ ਦਰਿਆਈ ਪਾਣੀ ਨੂੰ ਵਰਤੋਂ ਵਿੱਚ ਲਿਆਇਆ ਜਾਵੇ। ਇਹ ਗੱਲ ਪ੍ਰਵਾਨ ਕੀਤੀ ਜਾਵੇ ਕਿ ਭੂ-ਜਲ-ਭੰਡਾਰ ਦਾ ਪੱਧਰ ਡਿੱਗਣ ਦੇ ਦੋਸ਼ੀ ਕਿਸਾਨ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਮੰਗਾਂ ਨਜ਼ਰਅੰਦਾਜ਼ ਕੀਤੇ ਜਾਣ ਦੀ ਸੂਰਤ ਵਿੱਚ ਸੰਘਰਸ਼ ਵਿੱਢਿਆ ਜਾਵੇਗਾ।